ਪੱਤਰ ਪ੍ਰਰੇਰਕ, ਆਦਮਪੁਰ : ਡੀਐੱਸਪੀ ਆਦਮਪੁਰ ਗੁਰਦੇਵ ਸਿੰਘ, ਐੱਸਐੱਚਓ ਜਰਨੈਲ ਸਿੰਘ ਦੀ ਅਗਵਾਈ 'ਚ 74 ਕਿਲੋਗ੍ਰਾਮ ਚੂਰਾ ਪੋਸਤ ਸਮੇਤ ਵੱਖ-ਵੱਖ ਥਾਵਾਂ ਤੋਂ 5 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।ਥਾਣਾ ਮੁਖੀ ਆਦਮਪੁਰ ਜਰਨੈਲ ਸਿੰਘ ਨੇ ਦੱਸਿਆ ਕਿ ਆਦਮਪੁਰ ਨਹਿਰ ਦੇ ਪੁਲ਼ 'ਤੇ ਨਾਕੇਬੰਦੀ ਦੌਰਾਨ ਇਕ ਸਕਾਰਪੀਓ ਗੱਡੀ ਨੰਬਰ ਪੀਬੀ08 ਏਕੇ 8235 ਜੋ ਆਦਮਪੁਰ ਵੱਲੋਂ ਆ ਰਹੀ ਸੀ, ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੀ ਪਿਛਲੀ ਸੀਟ ਤੋਂ ਬੋਰਾ ਬਰਾਮਦ ਹੋਇਆ, ਜਿਸ ਨੂੰ ਚੈੱਕ ਕਰਨ 'ਤੇ ਉਸ 'ਚੋਂ 22 ਕਿਲੋਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ। ਸਬ-ਇੰਸਪੈਕਟਰ ਅਜੀਤ ਸਿੰਘ ਸੀਆਈਏ ਸਟਾਫ ਜਲੰਧਰ ਨੇ ਅਵਤਾਰ ਸਿੰਘ ਸੁਰਿੰਦਰ ਸਿੰਘ ਵਾਸੀ ਹਰੀਪੁਰ ਤੇ ਕੁਲਦੀਪ ਸਿੰਘ ਵਾਸੀ ਹਰੀਪੁਰ ਥਾਣਾ ਆਦਮਪੁਰ ਵਿਰੁੱਧ ਪਰਚਾ ਦਰਜ ਕਰ ਕੇ ਗੱਡੀ ਸਮੇਤ ਕਾਬੂ ਕਰ ਲਿਆ। ਇਸੇ ਤਰ੍ਹਾਂ ਟੀ- ਪੁਆਇੰਟ ਜੰਡੂ ਸਿੰਘਾ 'ਤੇ ਗੁਪਤ ਸੂਚਨਾ ਦੇ ਆਧਾਰ 'ਤੇ ਲੰਬਾ ਪਿੰਡ ਵੱਲੋਂ ਆ ਰਹੀ ਇਕ ਸਕਾਰਪੀਓ ਨੰ. ਜੇਕੇ 01 ਜੀ 8232 ਨੂੰ ਰੋਕਿਆ ਤਾਂ ਉਸ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ ਦੋ ਬੋਰੇ ਬਰਾਮਦ ਹੋਏ, ਜਿਨ੍ਹਾਂ ਨੂੰ ਚੈੱਕ ਕਰਨ 'ਤੇ ਉਨ੍ਹਾਂ 'ਚੋਂ 26-26 (52 ਕਿਲੋਗ੍ਰਾਮ) ਚੂਰਾ ਪੋਸਤ ਬਰਾਮਦ ਹੋਇਆ। ਆਦਮਪੁਰ ਪੁਲਿਸ ਥਾਣੇ ਦੇ ਐੱਸਆਈ ਰਘੂਬੀਰ ਸਿੰਘ, ਸੀਆਈਏ ਸਟਾਫ ਜਲੰਧਰ ਵੱਲੋਂ ਰਾਜ ਕੁਮਾਰ ਉਰਫ ਰਾਜਾ, ਅਰਜਨ ਸਿੰਘ ਵਾਸੀ ਗੜ੍ਹਦੀਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਰਾਜ ਕੁਮਾਰ ਵਾਸੀ ਸਡਾਲਾ ਥਾਣਾ ਰਾਜਪੁਰ ਜੰਮੂ ਵਿਰੁੱਧ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗੱਡੀ ਸਮੇਤ ਕਾਬੂ ਕਰ ਲਿਆ ਹੈ।