ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਲਾਡੋਵਾਲੀ ਰੋਡ ਤੇ ਚੁਗਿੱਟੀ ਡੰਪਾਂ ਨੂੰ ਤਬਦੀਲ ਕਰਨ ਤੇ ਵਿਚਾਰ ਕਰ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਕੁਝ ਹੋਰ ਡੰਪਾਂ ਦੀ ਸਫਾਈ ਦੇਖਣ ਲਈ ਮੌਕਾ ਵੀ ਦੇਖਿਆ। ਨਗਰ ਨਿਗਮ ਦੀ ਹੈੱਲਥ ਐਂਡ ਸੈਨੀਟੇਸ਼ਨ ਐਡਹਾਕ ਕਮੇਟੀ ਦੇ ਚੇਅਰਮੈਨ ਬਲਰਾਜ ਠਾਕਰ, ਮੈਂਬਰ ਜਗਦੀਸ਼ ਸਮਰਾਏ ਅਤੇ ਸਹਾਇਕ ਹੈਲਥ ਅਫਸਰ ਡਾ. ਰਾਜ ਕਮਲ ਨੇ ਲਾਡੋਵਾਲੀ ਕੂੜਾ ਡੰਪ, ਚੁਗਿੱਟੀ ਕੂੜਾ ਡੰਪ ਤੋਂ ਇਲਾਵਾ ਪਲਾਜ਼ਾ ਚੋਕ ਡੰਪ ਦੀ ਸਫਾਈ ਦਾ ਮੌਕਾ ਦੇਖਿਆ ਤੇ ਸਫਾਈ ਪ੍ਰਤੀ ਤਸੱਲੀ ਪਰਗਟ ਕੀਤੀ। ਇਸ ਦੌਰਾਨ ਬਲਰਾਜ ਠਾਕਰ ਨੇ ਕਿਹਾ ਕਿ ਛੇਤੀ ਹੀ ਲਾਡੋਵਾਲੀ ਰੋਡ ਤੇ ਚੁਗਿੱਟੀ ਦੇ ਡੰਪ ਤਬਦੀਲ ਕੀਤੇ ਜਾਣਗੇ। ਉਨ੍ਹਾਂ ਲਈ ਨਵੀਂ ਥਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਕਤ ਦੋਵੇਂ ਡੰਪ ਮੁੱਖ ਸੜਕਾਂ ਤੇ ਹਨ ਜਿੱਥੋਂ ਵੱਡੀ ਪੱਧਰ 'ਤੇ ਆਵਾਜਾਈ ਰਹਿੰਦੀ ਹੈ ਤੇ ਡੰਪਾਂ ਕਾਰਨ ਵਾਤਾਵਰਨ ਦੂਸ਼ਿਤ ਰਹਿੰਦਾ ਹੈ।