ਜੇਐੱਨਐੱਨ, ਜਲੰਧਰ : ਪੰਜਾਬ 'ਚ ਸ਼ਨਿਚਰਵਾਰ ਨੂੰ ਦੋ ਹੋਰ ਜ਼ਿਲ੍ਹੇ ਕੋਰੋਨਾ ਮੁਕਤ ਹੋ ਗਏ। ਫਤਹਿਗੜ੍ਹ ਸਾਹਿਬ ਤੇ ਰੂਪਨਗਰ ਦੇ ਸਿਵਲ ਹਸਪਤਾਲਾਂ 'ਚ ਦਾਖਲ ਸਾਰੇ ਮਰੀਜ਼ਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਸੂਬੇ ਭਰ ਤੋਂ 23 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਇਸ ਤੋਂ ਪਹਿਲਾਂ ਫਿਰੋਜ਼ਪੁਰ ਤੇ ਫਾਜ਼ਿਲਕਾ ਵੀ ਕੋਰੋਨਾ ਮੁਕਤ ਹੋ ਚੁੱਕੇ ਹਨ। ਪੰਜਾਬ 'ਚ ਕੁੱਲ 2124 ਮਰੀਜ਼ਾਂ 'ਚੋਂ 1870 ਯਾਨੀ 88 ਫੀਸਦੀ ਠੀਕ ਹੋ ਚੁੱਕੇ ਹਨ। ਉੱਥੇ, ਸ਼ਨਿਚਰਵਾਰ ਨੂੰ ਅੰਮ੍ਰਿਤਸਰ 'ਚ ਇਕ 60 ਸਾਲਾ ਬਜ਼ੁਰਗ ਦੁਕਾਨਦਾਰ ਦੀ ਮੌਤ ਹੋ ਗਈ। ਅੰਮ੍ਰਿਤਸਰ 'ਚ ਇਹ ਛੇਵੀਂ, ਜਦਕਿ ਪੰਜਾਬ 'ਚ 42ਵੀਂ ਮੌਤ ਹੈ। ਅੰਮ੍ਰਿਤਸਰ ਦੇ ਕਟੜਾ ਦੂਲੋ ਇਲਾਕੇ 'ਚ ਰਹਿਣ ਵਾਲੇ ਬਜ਼ੁਰਗ ਦੀ ਪਤਨੀ ਤੇ ਦੋ ਪੁੱਤਰ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਬਜ਼ੁਰਗ ਦੀ ਰਿਪੋਰਟ 20 ਅਪ੍ਰੈਲ ਨੂੰ ਪਾਜ਼ੇਟਿਵ ਆਈ ਸੀ। ਉਸ ਨੂੰ ਬੁਖਾਰ, ਖੰਘ ਦੇ ਨਾਲ-ਨਾਲ ਸ਼ੂਗਰ ਤੇ ਸਾਹ ਲੈਣ 'ਚ ਤਕਲੀਫ ਸੀ। ਇਸ ਦੌਰਾਨ ਸੂਬੇ 'ਚ ਸ਼ਨਿਚਰਵਾਰ ਨੂੰ 11 ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਜਲੰਧਰ ਵਿੱਚ ਵੀ ਇਕ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ 'ਚ ਚਾਰ, ਪਟਿਆਲਾ 'ਚ ਤਿੰਨ, ਪਠਾਨਕੋਟ, ਗੁਰਦਾਸਪੁਰ ਤੇ ਮੁਕਤਸਰ 'ਚ ਇਕ-ਇਕ ਮਾਮਲਾ ਰਿਪੋਰਟ ਹੋਇਆ। ਪਟਿਆਲਾ 'ਚ ਆਏ ਤਿੰਨ ਮਾਮਲਿਆਂ 'ਚ ਇਕ ਆਸ਼ਾ ਵਰਕਰ ਵੀ ਹੈ। ਆਸ਼ਾ ਵਰਕਰ ਦੀ ਡਿਊਟੀ ਸਿਹਤ ਵਿਭਾਗ ਨੇ ਘਰ-ਘਰ ਜਾ ਕੇ ਫਲੂ ਦੇ ਲੱਛਣ ਵਾਲੇ ਵਿਅਕਤੀ ਲੱਭਣ 'ਚ ਲਾਈ ਸੀ। ਉਸ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਆਸ਼ਾ ਵਰਕਰਾਂ 'ਚ ਗੁੱਸਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਆਸ਼ਾ ਵਰਕਰਾਂ ਨੂੰ ਨਾ-ਮਾਤਰ ਸਹੂਲਤਾਂ ਦਿੱਤੀਆਂ ਹਨ ਤੇ ਕੰਮ ਦਾ ਬੋਝ ਕਾਫ਼ੀ ਵਧਾ ਦਿੱਤਾ। ਉਨ੍ਹਾਂ ਨੂੰ ਦਿੱਤੇ ਗਏ ਮਾਸਕ ਤੇ ਦਸਤਾਨੇ ਵੀ ਘਟੀਆ ਕੁਆਲਿਟੀ ਦੇ ਹਨ, ਉਹ ਵੀ ਸਮੇਂ 'ਤੇ ਨਹੀਂ ਮਿਲਦੇ।

ਪੰਜਾਬ 'ਚ ਹੁਣ ਤਕ ਦੀ ਸਥਿਤੀ

ਜ਼ਿਲ੍ਹਾ ਪਾਜ਼ੇਟਿਵ ਮੌਤ

ਅੰਮ੍ਰਿਤਸਰ 322 6

ਜਲੰਧਰ 222 7

ਲੁਧਿਆਣਾ 179 7

ਤਰਨਤਾਰਨ 163 0

ਗੁਰਦਾਸਪੁਰ 142 3

ਪਟਿਆਲਾ 111 2

ਨਵਾਂਸ਼ਹਿਰ 110 1

ਮੋਹਾਲੀ 105 3

ਹੁਸ਼ਿਆਰਪੁਰ 103 5

ਸੰਗਰੂਰ 97 0

ਮੁਕਤਸਰ 67 0

ਫਰੀਦਕੋਟ 62 0

ਰੂਪਨਗਰ 61 1

ਮੋਗਾ 60 0

ਫਤਹਿਗੜ੍ਹ 56 0

ਫਾਜ਼ਿਲਕਾ 44 0

ਫਿਰੋਜ਼ਪੁਰ 44 1

ਮਾਨਸਾ 43 0

ਬਠਿੰਡਾ 43 0

ਕਪੂਰਥਲਾ 35 3

ਪਠਾਨਕੋਟ 31 2

ਬਰਨਾਲਾ 22 1

(ਨੋਟ: ਦੋ ਕੇਸ ਦੋ ਜ਼ਿਲ੍ਹਿਆਂ 'ਚ ਦਰਜ ਹੋ ਜਾਣ ਕਾਰਨ ਜ਼ਿਲ੍ਹਿਆਂ ਦੀ ਟੈਲੀ ਤੇ ਕੁੱਲ ਪੀੜਤ ਲੋਕਾਂ ਦੀ ਗਿਣਤੀ 'ਚ ਫਰਕ ਹੈ।)

Posted By: Jagjit Singh