ਜੇਐੱਨਐੱਨ, ਜਲੰਧਰ : ਪੰਜਾਬ ਵਿਚ ਸੋਮਵਾਰ ਨੂੰ ਇਕ ਦਿਨ ਵਿਚ ਸਭ ਤੋਂ ਜ਼ਿਆਦਾ ਰਿਕਾਰਡ 401 ਪਾਜ਼ੇਟਿਵ ਮਾਮਲੇ ਆਏ। ਇਸ ਤੋਂ ਪਹਿਲਾਂ ਦੋ ਮਈ ਨੂੰ ਸਭ ਤੋਂ ਜ਼ਿਆਦਾ 278 ਮਾਮਲੇ ਆਏ ਸਨ। ਇਸਦੇ ਨਾਲ ਹੀ ਪੰਜਾਬ ਵਿਚ ਕੁਲ ਇਨਫੈਕਟਿਡ ਮਾਮਲਿਆਂ ਦੀ ਗਿਣਤੀ 8299 ਹੋ ਗਈ ਹੈ। ਮਾਮਲਿਆਂ ਦੀ ਵੱਧਦੀ ਰਫ਼ਤਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿਚ ਮਾਰਚ ਤੋਂ ਲੈ ਕੇ ਜੂਨ ਤਕ ਚਾਰ ਮਹੀਨਿਆਂ ਵਿਚ 5650 ਕੇਸ ਆਏ ਸਨ, ਜਦਕਿ ਜੁਲਾਈ ਦੇ ਸਿਰਫ਼ 13 ਦਿਨਾਂ ਵਿਚ ਹੀ 2649 ਕੇਸ ਆ ਗਏ ਹਨ।

ਇਨਫੈਕਟਿਡਾਂ ਵਿਚ ਜਬਰ-ਜਨਾਹ ਦੇ ਮੁਲਜ਼ਮ ਜਲੰਧਰ ਡਾਇਸਿਸ ਦੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ, 19 ਪੁਲਿਸ ਮੁਲਾਜ਼ਮ, 14 ਐਕਸਾਈਜ਼ ਵਿਭਾਗ ਦੇ ਮੁਲਾਜ਼ਮ, ਦੋ ਫ਼ੌਜ ਅਤੇ ਦੋ ਬੀਐੱਸਐੱਫ ਦੇ ਜਵਾਨ, ਪੰਜਾਬ ਰੋਡਵੇਜ਼ ਦੇ ਤਿੰਨ ਜੀਐੱਮ, ਨਾਇਬ ਤਹਿਸੀਲਦਾਰ ਅਤੇ ਦਿੜਬਾ ਦੇ ਐੱਸਡੀਐੱਮ ਦਾ ਗੰਨਮੈਨ ਵੀ ਸ਼ਾਮਿਲ ਹੈ। ਸੋਮਵਾਰ ਨੂੰ ਲੁਧਿਆਣਾ ਵਿਚ ਸਭ ਤੋਂ ਜ਼ਿਆਦਾ 116, ਜਲੰਧਰ ਵਿਚ 65, ਪਟਿਆਲਾ ਵਿਚ 60, ਮੋਹਾਲੀ ਵਿਚ 31, ਫ਼ਤਹਿਗੜ੍ਹ ਸਾਹਿਬ ਵਿਚ 23, ਨਵਾਂਸ਼ਹਿਰ ਵਿਚ 19, ਰੂਪਨਗਰ ਤੇ ਬਠਿੰਡਾ ਵਿਚ 12-12, ਫਿਰੋਜ਼ਪੁਰ ਵਿਚ 11, ਅੰਮ੍ਰਿਤਸਰ ਵਿਚ 10, ਮੋਗਾ ਵਿਚ ਅੱਠ, ਹੁਸ਼ਿਆਰਪੁਰ ਵਿਚ ਸੱਤ, ਮੁਕਤਸਰ ਵਿਚ ਪੰਜ ਅਤੇ ਫਾਜ਼ਿਲਕਾ ਵਿਚ ਤਿੰਨ ਕੇਸ ਰਿਪੋਰਟ ਹੋਏ।

ਦੂਜੇ ਪਾਸੇ, ਪੰਜਾਬ ਵਿਚ ਸੋਮਵਾਰ ਨੂੰ 3 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਅੰਮ੍ਰਿਤਸਰ ਦੇ 55 ਸਾਲਾ ਅਤੇ ਜਲੰਧਰ ਦੇ 62 ਤੇ 65 ਸਾਲਾ ਵਿਅਕਤੀ ਸ਼ਾਮਿਲ ਹਨ। ਸੂਬੇ ਵਿਚ ਮ੍ਰਿਤਕਾਂ ਦੀ ਗਿਣਤੀ 204 ਹੋ ਗਈ ਹੈ।

Posted By: Jagjit Singh