ਜੇਐੱਨਐੱਨ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਪੈਂਦੇ ਬਸਤੀ ਗੁਜ਼ਾਂ 'ਚ ਚੋਰਾਂ ਨੇ ਇਕ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਕਰੀਬ 40 ਹਜ਼ਾਰ ਦੀ ਨਕਦੀ ਤੇ 20 ਹਜ਼ਾਰ ਦਾ ਡਰਾਈ ਫਰੂਟ ਚੋਰੀ ਕਰ ਲਿਆ। ਸੂਚਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉੱਥੇ ਵਾਰਦਾਤ ਦੀ ਸੂਚਨਾ ਦਿੰਦੇ ਹੋਏ ਦੁਕਾਨ ਦੇ ਮਾਲਕ ਸੌਰਵ ਅਰੋੜਾ ਨੇ ਦੱਸਿਆ ਕਿ ਉਹ ਰਾਤ ਨੂੰ ਸਟੋਰ ਬੰਦ ਕਰ ਕੇ ਘਰ ਗਏ ਸਨ। ਜਿਸ ਤੋਂ ਬਾਅਦ ਰਾਤ ਨੂੰ ਚੋਰਾਂ ਨੇ ਉਨ੍ਹਾਂ ਦੇ ਸਟੋਰ ਕੋਲ ਇਕ ਨਿਰਮਾਣ ਅਧੀਨ ਇਮਾਰਤ ਰਾਹੀਂ ਸਟੋਰ 'ਚ ਰੱਖੇ ਰੌਸ਼ਨਦਾਨ ਦੀ ਗਰਿੱਲ ਤੋੜ ਕੇ ਦੁਕਾਨ 'ਚ ਦਾਖ਼ਲ ਹੋ ਕੇ ਉਨ੍ਹਾਂ ਦੇ ਗੱਲੇ 'ਚ ਪਏ 40 ਹਜ਼ਾਰ ਰੁਪਏ ਤੇ ਕਰੀਬ 20 ਹਜ਼ਾਰ ਦਾ ਡਰਾਈ ਫਰੂਟ ਚੋਰੀ ਕਰ ਲਿਆ। ਚੋਰਾਂ ਨੇ ਵਾਰਦਾਤ ਤੋਂ ਪਹਿਲਾਂ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀਆਂ ਤਾਰਾਂ ਕੱਢ ਦਿੱਤੀਆਂ ਸਨ। ਏਐੱਸਆਈ ਦਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਛੇਤੀ ਹੀ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ।