ਜਤਿੰਦਰ ਪੰਮੀ, ਜਲੰਧਰ

ਕੋਰੋਨਾ ਦੇ ਇਲਾਜ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਪਿਛਲੇ ਕਰੀਬ 6 ਮਹੀਨਿਆਂ ਤੋਂ ਸਿਵਲ ਹਸਪਤਾਲ ਨੂੰ ਪੂਰੀ ਤਰ੍ਹਾਂ ਕੋਵਿਡ ਕੇਅਰ ਸੈਂਟਰ 'ਚ ਬਦਲ ਦਿੱਤਾ ਗਿਆ। ਸਿਹਤ ਵਿਭਾਗ ਕੋਰੋਨਾ ਸੰਕਟ ਨੂੰ ਟਾਲਣ ਦੇ ਲਈ ਲੋਕਾਂ ਦਾ ਵਿਸ਼ਵਾਸ ਜਿੱਤਣ 'ਚ ਨਾਕਾਮ ਰਿਹਾ। ਕੋਰੋਨਾ ਅਤੇ ਇਸ ਦੇ ਸ਼ੱਕੀ ਮਰੀਜ਼ ਸਰਕਾਰੀ ਹਸਪਤਾਲ 'ਚ ਇਲਾਜ ਕਰਵਾਉਣ ਦੀ ਬਜਾਏ ਨਿੱਜੀ ਹਸਪਤਾਲਾਂ ਵੱਲ ਜਾ ਰਹੇ ਹਨ। ਕੋਰੋਨਾ ਕਾਲ 'ਚ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ 'ਚ 2179 ਸ਼ੱਕੀ ਮਰੀਜ਼ ਇਲਾਜ ਕਰਵਾ ਚੁੱਕੇ ਹਨ। ਉੱਥੇ ਹੀ ਮੰਗਲਵਾਰ ਨੂੰ ਕੋਰੋਨਾ ਦਾ ਦਬਦਬਾ ਜਾਰੀ ਰਿਹਾ। ਕੋੋਰੋਨਾ ਸ਼ਹਿਰ ਦੀ ਬਜਾਏ ਦਿਹਾਤ 'ਚ ਜ਼ਿਆਦਾ ਕਾਰਜਸ਼ੀਲ ਰਿਹਾ। ਜ਼ਿਲ੍ਹੇ 'ਚ 162 ਮਰੀਜ਼ਾਂ ਨੂੰ ਕੋਰੋਨਾ ਹੋਣ ਅਤੇ ਚਾਰ ਮਰੀਜ਼ਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਲੰਬੇ ਸਮੇਂ ਬਾਅਦ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਗ੍ਰਾਫ 'ਚ ਗਿਰਾਵਟ ਦਰਜ ਕੀਤੀ ਗਈ।

ਜਾਣਕਾਰੀ ਅਨੁਸਾਰ ਜ਼ਿਲ੍ਹਾ ਹਸਪਤਾਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਸੂਚੀ 'ਚ ਸੂਬਾ ਦੇ ਸੱਭ ਤੋਂ ਵੱਡਾ ਹਸਪਤਾਲ ਹੈ। ਕੋਰੋਨਾ ਅਤੇ ਇਸ ਦੇ ਸ਼ੱਕੀ ਮਰੀਜ਼ਾਂ ਦੇ ਇਲਾਜ ਦੇ ਲਈ ਬਣਾਏ ਗਏ ਆਈਸੋਲੇਸ਼ਨ ਦੇ ਲਈ 340 ਬੈੱਡਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਹਸਪਤਾਲ 'ਚ 79 ਮਰੀਜ਼ ਇਲਾਜ ਦੇ ਲਈ ਦਾਖਲ ਹਨ। ਕੁੱਲ ਮਿਲਾ ਕੇ ਬੈੱਡ ਦੇ 25 ਫੀਸਦੀ ਤੋਂ ਵੀ ਘੱਟ ਬੈੱਡ ਭਰੇ ਹੋਏ ਹਨ। ਉੱਥੇ ਹੀ ਨਿੱਜੀ ਹਸਪਤਾਲਾਂ 'ਚ ਇਲਾਜ ਕਰਵਾਉਣ ਦੇ ਲਈ ਬੈੱਡ ਹਾਸਲ ਕਰਨ ਦੇ ਲਈ ਸਿਫਾਰਸ਼ ਦਾ ਜੁਗਾੜ ਲਗਾਉਣਾ ਪੈ ਰਿਹਾ ਹੈ। ਸਰਕਾਰੀ ਹਸਪਤਾਲ 'ਚ ਮੁਫਤ ਇਲਾਜ ਦੀ ਸਹੂਲਤ ਦੀ ਬਜਾਏ ਲੋਕ ਨਿੱਜੀ ਹਸਪਤਾਲਾਂ 'ਚ ਇਲਾਜ ਕਰਵਾਉਣ 'ਚ ਵਿਸ਼ਵਾਸ ਰੱਖਦੇ ਹਨ।

ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਕਸ਼ਮੀਰੀ ਲਾਲ ਦਾ ਕਹਿਣਾ ਹੈ ਕਿ ਹਸਪਤਾਲ 'ਚ ਦਵਾਈਆਂ ਤੇ ਇਲਾਜ ਦੇ ਲਈ ਪੂਰਾ ਇੰਤਜ਼ਾਮ ਕੀਤਾ ਗਿਆ ਹੈ। ਪਿਛਲੇ ਚਾਰ ਪੰਜ ਮਹੀਨਿਆਂ 'ਚ ਹਸਪਤਾਲ 'ਚ ਵਿਕਾਸ ਤੇਜ਼ੀ ਨਾਲ ਹੋਇਆ ਅਤੇ ਤਕਰੀਬਨ ਤਮਾਮ ਕਮੀਆਂ ਨੂੰ ਦੂਰ ਕਰ ਦਿੱਤਾ ਗਿਆ। ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨ ਲਈ ਮਾਹਿਰਾਂ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਇਲਾਜ ਕਰਵਾ ਕੇ ਵਾਪਸ ਪਰਤਨ ਵਾਲੇ ਮਰੀਜ਼ ਸ਼ਲਾਘਾ ਕਰ ਰਹੇ ਹਨ।

ਆਈਐੱਮਏ ਪੰਜਾਬ ਦੇ ਪ੍ਰਧਾਨ ਡਾ. ਨਵਜੋਤ ਸਿੰਘ ਦਾਹੀਆ ਦਾ ਮੰਨਣਾ ਹੈ ਕਿ ਸਰਕਾਰੀ ਦੇ ਮੁਕਾਬਲੇ ਨਿੱਜੀ ਹਸਪਤਾਲਾਂ 'ਚ ਕੋਰੋਨਾ ਦਾ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦਾ ਰੁਝਾਨ ਜ਼ਿਆਦਾ ਹੈ। ਨਿੱਜੀ ਹਸਪਤਾਲਾਂ ਨੇ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਰੇਟਾਂ 'ਤੇ ਇਲਾਜ ਕਰ ਮਰੀਜ਼ਾਂ ਨੂੰ ਬੇਹਤਰੀਨ ਸੇਵਾਵਾਂ ਮੁਹੱਈਆ ਕਰਵਾ ਕੇ ਉਨ੍ਹਾਂ ਦਾ ਦਿੱਲ ਜਿੱਤ ਲਿਆ ਹੈ। ਇਸ ਨਾਲ ਲੋਕਾਂ ਦਾ ਨਿਜੀ ਹਸਪਤਾਲਾਂ ਪ੍ਰਤੀ ਵਿਸ਼ਵਾਸ ਮਜਬੂਤ ਹੋ ਰਿਹਾ ਹੈ।

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਸਰਕਾਰੀ ਸਿਹਤ ਕੇਂਦਰ ਜਮਸ਼ੇਰ ਤੋਂ 2, ਸੀਐੱਚਸੀ ਸ਼ਾਹਕੋਟ ਦਾ ਇਕ, ਪੀਏਪੀ ਦੇ ਤਿੰਨ, ਬੀਐੱਸਐੱਫ ਕੈਂਪਸ ਦੇ ਦੋ, ਨਿਜੀ ਲੈਬ ਦਾ ਇਕ ਡਾਕਟਰ, ਨਿੱਜੀ ਕੰਪਨੀ ਦੇ ਦੋ ਮੁਲਾਜ਼ਮ, ਨਿਜੀ ਕਾਲਜ ਅਤੇ ਬੈਂਕ ਦਾ ਇਕ-ਇਕ ਮੁਲਾਜ਼ਮ ਕੋਰੋਨਾ ਦੀ ਲਪੇਟ 'ਚ ਆਇਆ। ਸੈਨਾ ਹਸਪਤਾਲ ਦੇ 8, ਸ਼ਾਹਕੋਟ ਦੇ 13, ਫਿਲੌਰ ਦੇ 10, ਪਿੰਡ ਸਾਬੋਵਾਲ ਦੇ 6, ਆਦਮਪੁਰ ਦੇ 6, ਜਲੰਧਰ ਛਾਉਣੀ, ਕਮਲ ਵਿਹਾਰ, ਮਾਡਲ ਟਾਊਨ, ਪੰਜਾਬ ਐਵੇਨਿਊ ਦੇ ਤਿੰਨ-ਤਿੰਨ ਮਰੀਜ਼ ਪਾਜ਼ੇਟਿਵ ਪਾਏ ਗਏ ਹਨ।

ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਦਾ ਕਹਿਣਾ ਹੈ ਕਿ ਜ਼ਿਲ੍ਹੇ 'ਚ 162 ਮਰੀਜ਼ ਸਾਹਮਣੇ ਆਏ ਅਤੇ ਚਾਰ ਮਰੀਜ਼ਾਂ ਦੀ ਮੌਤ ਹੋਈ। ਮਰੀਜ਼ਾਂ 'ਚੋਂ 25 ਦੂਸਰੇ ਜ਼ਿਲਿ੍ਹਆਂ ਨਾਲ ਸਬੰਧਤ ਹਨ। ਜ਼ਿਲ੍ਹੇ ਦੇ ਕੋਵਿਡ ਕੇਅਰ ਸੈਂਟਰਾਂ ਤੋਂ 266 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਲਈ ਰਵਾਨਾ ਕੀਤਾ ਗਿਆ। ਜ਼ਿਲ੍ਹੇ 'ਚ ਮਰੀਜ਼ਾਂ ਦਾ ਅੰਕੜਾ 12797, ਮਰਨ ਵਾਲਿਆਂ ਦਾ 385 ਅਤੇ ਕੋਵਿਡ ਕੇਅਰ ਸੈਂਟਰਾਂ ਤੋਂ ਘਰ ਜਾਣ ਵਾਲਿਆਂ ਦਾ 10859 ਤਕ ਪਹੁੰਚ ਗਿਆ।

ਕੋਰੋਨਾ ਨਾਲ ਮਰੇ ਵਿਅਕਤੀਆਂ ਦਾ ਵੇਰਵਾ

ਉਮਰ ਲਿੰਗ ਪਤਾ ਹੋਰ ਬਿਮਾਰੀ ਮੌਤ ਦੀ ਜਗ੍ਹਾ

52 ਅੌਰਤ ਨਕੋਦਰ ਸ਼ੂਗਰ ਤੇ ਹਾਈਪਰਟੈਂਸ਼ਨ ਨਿੱਜੀ ਹਸਪਤਾਲ

66 ਪੁਰੁਸ਼ ਫਿਲੌਰ ਅਸਥਮਾ ਏਪੀਐੱਸ ਲੁਧਿਆਣਾ

59 ਪੁਰੁਸ਼ ਬੜਾ ਪਿੰਡ ਸ਼ੂਗਰ ਤੇ ਕਿਡਨੀ ਸੀਐੱਮਸੀ ਲੁਧਿਆਣਾ

80 ਅੌਰਤ ਤਲਵੰਡੀ ਸਾਹਬੋ ਹਾਈਪਰਟੈਂਸ਼ਨ ਤੇ ਅਸਥਮਾ ਨਿੱਜੀ ਹਸਪਤਾਲ