ਜ.ਸ. ਜਲੰਧਰ :ਟਰੈਵਲ ਏਜੰਟਾਂ ਨੇ ਜ਼ਿਲ੍ਹੇ ਨੂੰ ਲੁੱਟ ਦਾ ਗੜ੍ਹ ਬਣਾ ਦਿੱਤਾ ਹੈ। ਦੂਜੇ ਪਾਸੇ ਪ੍ਰਸ਼ਾਸਨ ਇਨ੍ਹਾਂ 'ਤੇ ਸ਼ਿਕੰਜਾ ਕੱਸਣ 'ਚ ਨਾਕਾਮ ਸਾਬਤ ਹੋ ਰਿਹਾ ਹੈ। ਗ੍ਰਹਿ ਮੰਤਰਾਲੇ ਦਾ ਅਧਿਕਾਰੀ ਦੱਸ ਕੇ ਵਿਦੇਸ਼ ਭੇਜਣ ਦੇ ਨਾਂ 'ਤੇ 4 ਕਰੋੜ ਦੀ ਠੱਗੀ ਮਾਰਨ ਵਾਲੇ ਏਜੰਟ ਨੂੰ ਦੇਵੀ ਤਲਾਬ ਮੰਦਰ 'ਚ ਮੱਥਾ ਟੇਕਣ ਆਉਣ ਦੌਰਾਨ ਲੋਕਾਂ ਨੇ ਪੁਲਿਸ ਸਾਹਮਣੇ ਉਸ ਦੀ ਜ਼ਬਰਦਸਤ ਕੁੱਟਮਾਰ ਕੀਤੀ। ਕਿਸੇ ਤਰ੍ਹਾਂ ਥਾਣਾ-8 ਦੀ ਪੁਲਿਸ ਨੇ ਏਜੰਟ ਨੂੰ ਮੌਕੇ ਤੋਂ ਬਚਾ ਕੇ ਥਾਣੇ ਲਿਆਂਦਾ।ਏਜੰਟ ਦੀ ਪਛਾਣ ਮਹਿਤਪੁਰ ਵਾਸੀ 70 ਸਾਲਾ ਪਰਵਿੰਦਰ ਵਜੋਂ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਦੇਵੀ ਤਾਲਾਬ ਮੰਦਰ 'ਚ ਦਿਨ ਭਰ ਤਣਾਅ ਵਾਲਾ ਮਾਹੌਲ ਰਿਹਾ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਗੁੱਸੇ 'ਚ ਆਏ ਲੋਕਾਂ ਨੇ ਕਿਹਾ ਕਿ ਉਹ ਕਰੀਬ 8 ਮਹੀਨਿਆਂ ਤੋਂ ਏਜੰਟ 'ਤੇ ਨਜ਼ਰ ਰੱਖ ਰਹੇ ਸਨ। ਪੈਸੇ ਲੈਣ ਤੋਂ ਬਾਅਦ ਉਹ ਫੋਨ ਚੁੱਕਣਾ ਵੀ ਬੰਦ ਕਰ ਦਿੰਦਾ ਸੀ।

ਪੀੜਤ ਸੋਮਨਾਥ ਵਾਸੀ ਜਲੰਧਰ ਨੇ ਦੱਸਿਆ ਕਿ ਏਜੰਟ ਪਰਵਿੰਦਰ ਨੂੰ ਖੇਤੀ ਕਾਨੂੰਨ ਪ੍ਰਦਰਸ਼ਨ ਦੌਰਾਨ ਦਿੱਲੀ ਦੇ ਕਿਸਾਨ ਭਵਨ ਨੇੜੇ ਮਿਲਿਆ ਸੀ। ਉਹ ਆਪਣੇ ਆਪ ਨੂੰ ਗ੍ਰਹਿ ਮੰਤਰਾਲੇ ਦਾ ਅਧਿਕਾਰੀ ਦੱਸ ਰਿਹਾ ਸੀ। ਉਹ ਉਸ ਦੀਆਂ ਗੱਲਾਂ ਵਿੱਚ ਆ ਗਿਆ। ਉਸ ਨੇ ਆਪਣੇ ਲੜਕੇ ਨੂੰ ਪੁਰਤਗਾਲ ਭੇਜਣ ਦੇ ਨਾਂ 'ਤੇ 8 ਲੱਖ ਰੁਪਏ ਦਿੱਤੇ। ਇਸ ਦੇ ਨਾਲ ਹੀ ਇਕ ਔਰਤ ਨੇ ਦੱਸਿਆ ਕਿ ਉਸ ਨੂੰ ਕੈਨੇਡਾ ਭੇਜਣ ਦੇ ਨਾਂ 'ਤੇ 5 ਲੱਖ ਰੁਪਏ ਦਿੱਤੇ ਸਨ। ਕਈ ਹੋਰ ਲੋਕ ਵੀ ਉਸ 'ਤੇ ਧੋਖਾਧੜੀ ਦੇ ਦੋਸ਼ ਲਗਾ ਰਹੇ ਸਨ।

ਪੀੜਤ ਸੋਮਨਾਥ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਉਸ ਦੇ ਪਰਿਵਾਰ ਤੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਚਾਰ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਜਲੰਧਰ ਨੂੰ ਦਿੱਤੀ ਗਈ ਹੈ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਕਾਰਨ ਉਨ੍ਹਾਂ ਨੂੰ ਇਹ ਰਸਤਾ ਲੈਣਾ ਪਿਆ। ਮੁਲਜ਼ਮ 8 ਮਹੀਨਿਆਂ ਬਾਅਦ ਕਾਬੂ ਆਇਆ ਹੈ।

ਸਬੰਧਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ: ਐਸ.ਐਚ.ਓ

ਥਾਣਾ-8 ਦੇ ਇੰਚਾਰਜ ਦਾ ਕਹਿਣਾ ਹੈ ਕਿ ਫਿਲਹਾਲ ਪਰਵਿੰਦਰ ਨੂੰ ਮੌਕੇ ਤੋਂ ਚੁੱਕ ਕੇ ਗੁੱਸੇ 'ਚ ਆਏ ਲੋਕਾਂ ਤੋਂ ਛੁਡਵਾਇਆ ਗਿਆ ਹੈ। ਸਬੰਧਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਪੁਲਿਸ ਜਾਂਚ ਕਰ ਰਹੀ ਹੈ।

Posted By: Sandip Kaur