ਜਤਿੰਦਰ ਪੰਮੀ, ਜਲੰਧਰ

ਸੋਮਵਾਰ ਨੂੰ ਸਿਵਲ ਹਸਪਤਾਲ ਦੀ ਦਰਜਾ ਚਾਰ ਮੁਲਾਜ਼ਮ ਅਤੇ ਦੁਬਈ ਤੋਂ ਆਏ ਤਿੰਨ ਐੱਨਆਰਆਈਜ਼ ਸਮੇਤ ਚਾਰ ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਸਿਵਲ ਹਸਪਤਾਲ 'ਚ ਸਫਾਈ ਸੇਵਿਕਾ ਨੂੰ ਕੋਰੋਨਾ ਹੋਣ ਤੋਂ ਬਾਅਦ ਸਟਾਫ 'ਚ ਦਹਿਸ਼ਤ ਦਾ ਮਾਹੌਲ ਹੈ। ਸਟਾਫ ਨੇ ਹਸਪਤਾਲ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 255 ਤਕ ਪਹੁੰਚ ਗਈ ਹੈ। ਉੱਥੇ ਹੀ ਇਕ ਮਰੀਜ਼ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦੇ ਕੇ ਘਰ 'ਚ ਆਈਸੋਲੇਸ਼ਨ ਲਈ ਭੇਜਿਆ ਗਿਆ ਹੈ। ਬੀਐੱਸਐੱਫ ਜਵਾਬ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਬੀਐੱਸਐੱਫ ਕੈਂਪਸ 'ਚ ਉਸ ਦੇ ਸੰਪਰਕ 'ਚ ਆਉਣ ਵਾਲੇ 20 ਲੋਕਾਂ ਨੂੰ ਸਿਵਲ ਹਸਪਤਾਲ ਦੇ ਫਲੂ ਕਾਰਨਰ 'ਚ ਸੈਂਪਲ ਲਏ ਗਏ। ਇਧਰ ਫਲੂ ਕਾਰਨਰ 'ਚ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸਿਵਲ ਹਸਪਤਾਲ ਦੇ ਮਾਡਲ ਨਸ਼ਾ ਛੁਡਾਊ ਕੇਂਦਰ 'ਚ ਬਣਾਏ ਗਏ ਕੋਰੋਨਾ ਆਈਸੋਲੇਸ਼ਨ ਸੈਂਟਰ 'ਚ ਡਿਊਟੀ ਕਰਨ ਵਾਲੀ 40 ਸਾਲਾ ਦਰਜਾ ਚਾਰ ਮਹਿਲਾ ਮੁਲਾਜ਼ਮ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਉਸ ਨੂੰ ਆਈਸੋਲੇਟ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਹੈ। ਹੁਣ ਤਕ ਸਿਵਲ ਹਸਪਤਾਲ ਦੇ ਸਟਾਫ ਅੱਧਾ ਦਰਜਨ ਮੈਂਬਰ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ ਜਿਸ ਨਾਲ ਸਟਾਫ ਮੈਂਬਰਾਂ 'ਚ ਦਹਿਸ਼ਤ ਦਾ ਮਾਹੌਲ ਹੈ। ਮੁਲਾਜ਼ਮਾਂ ਨੇ ਹਸਪਤਾਲ ਪ੍ਰਸ਼ਾਸਨ ਤੋਂ ਉਨ੍ਹਾਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਉਣ ਦੀ ਗੁਹਾਰ ਲਗਾਈ ਹੈ। ਉੱਥੇ ਹੀ ਮਹਿਤਪੁਰ 'ਚ ਬਣਾਏ ਗਏ ਕੁਆਰੰਟੀਨ ਸੈਂਟਰ 'ਚ ਦੁਬਈ ਤੋਂ ਆਏ ਤਿੰਨ ਨੌਜਵਾਨਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚੋਂ ਦੋ 30-30 ਸਾਲ ਦੇ ਅਤੇ ਇਕ 25 ਸਾਲਾ ਨੌਜਵਾਨ ਸ਼ਾਮਲ ਹੈ। ਇਨ੍ਹਾਂ ਨੂੰ ਸਿਵਲ ਹਸਪਤਾਲ 'ਚ ਕੋਰੋਨਾ ਆਈਸੋਲੇਸ਼ਨ ਸੈਂਟਰ 'ਚ ਸ਼ਿਫਟ ਕਰਵਾ ਦਿੱਤਾ ਗਿਆ ਹੈ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਦਾ ਕਹਿਣਾ ਹੈ ਕਿ ਜ਼ਿਲ੍ਹੇ 'ਚ ਸੋਮਵਾਰ ਨੂੰ ਚਾਰ ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ 'ਚ ਸਿਵਲ ਹਸਪਤਾਲ ਦੀ ਦਰਜਾ ਚਾਰ ਮੁਲਾਜ਼ਮ ਤੇ ਦੁਬਈ ਤੋਂ ਆਏ ਤਿੰਨ ਐੱਨਆਰਆਈਜ਼ ਸ਼ਾਮਲ ਹਨ। 280 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। 255 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ ਅਤੇ 447 ਲੋਕਾਂ ਦੇ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।

ਐਂਟੀ ਲਾਰਵਾ ਸਟਾਫ ਨੇ ਕੰਮ ਦਾ ਬੋਝ ਘਟਾਉਣ ਲਈ ਲਗਾਈ ਗੁਹਾਰ

ਕੋਰੋਨਾ ਦੇ ਖ਼ਿਲਾਫ਼ ਜਾਰੀ ਜੰਗ 'ਚ ਸਿਹਤ ਵਿਭਾਗ ਦਾ ਐਂਟੀ ਲਾਰਵਾ ਸਟਾਫ ਦਿਸੰਬਰ ਮਹੀਨੇ ਤੋਂ ਲੜ ਰਿਹਾ ਹੈ। ਸਟਾਫ ਦੇ ਕਰੀਬ 17 ਮੈਂਬਰਾਂ 'ਤੇ ਕੰਮ ਦਾ ਬੋਝ ਲਗਾਤਾਰ ਵਧਣ ਨਾਲ ਉਨ੍ਹਾਂ ਦੇ ਸਬਰ ਦਾ ਬੰਨ੍ਹ ਟੁੱਟਣ ਲੱਗਾ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਦਸੰਬਰ ਮਹੀਨੇ ਤੋਂ ਵਿਦੇਸ਼ਾਂ ਤੋਂ ਆਏ ਐੱਨਆਰਆਈਜ਼ ਨੂੰ ਲੱਭ ਕੇ ਉਨ੍ਹਾਂ ਦੀ ਸਕ੍ਰੀਨਿੰਗ ਕਰਨ ਅਤੇ ਉਸ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਲੱਭਣ 'ਚ ਲੱਗੇ ਹੋਏ ਹਨ। ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਐਂਬੂਲੈਂਸ ਰਾਹੀਂ ਉਨ੍ਹਾਂ ਦੇ ਘਰਾਂ ਤੋਂ ਲਿਆਉਣਾ ਪੈ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਬਰਸਾਤ ਦੇ ਨਾਲ ਡੇਂਗੂ ਦੀ ਸ਼ੁਰੂਆਤ ਸਬੰਧੀ ਲੋਕਾਂ ਦੀ ਸਿਹਤ ਸੁਰੱਖਿਆ ਲਈ ਘਰਾਂ 'ਚ ਸਰਵੇ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਸਿਵਲ ਹਸਪਤਾਲ ਦੇ ਫਲੂ ਕਾਰਨਰ 'ਚ ਵੀ ਉਨ੍ਹਾਂ ਦੀ ਤਾਇਨਾਤੀ ਦੇ ਹੁਕਮ ਆਉਣ ਤੋਂ ਬਾਅਦ ਮੁਲਾਜ਼ਮਾਂ 'ਚ ਖਾਸਾ ਰੋਹ ਹੈ। ਇਸ ਸਬੰਧੀ ਸੋਮਵਾਰ ਨੂੰ ਮੁਲਾਜ਼ਮਾਂ ਨੇ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਦੇ ਨਾਲ ਮੀਟਿੰਗ ਕਰਕੇ ਸਮੱਸਿਆ ਦਾ ਹੱਲ ਕਰਨ ਦੀ ਗੁਹਾਰ ਲਗਾਈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਤਾਂ ਉਹ ਸੰਘਰਸ਼ ਕਰਨਗੇ। ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਉਨ੍ਹਾਂ ਨੂੰ ਸਮੱਸਿਆ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ ਹੈ।

ਬਾਕਸ

ਬਿਜਲੀ ਦੀ ਸਮੱਸਿਆ ਨੇ ਛੁਡਾਏ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਪਸੀਨੇ

ਸਿਵਲ ਹਸਪਤਾਲ ਅਤੇ ਸਿਵਲ ਸਰਜਨ ਦਫਤਰ 'ਚ ਬਿਜਲੀ ਦੀ ਖਰਾਬੀ ਕਾਰਨ ਬਿਜਲੀ ਬੰਦ ਰਹੀ। ਬਿਜਲੀ ਗੁਲ ਰਹਿਣ ਨਾਲ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਪਸੀਨੇ ਛੁੱਟ ਗਏ ਅਤੇ ਕੰਮਕਾਜ ਵੀ ਠੱਪ ਰਿਹਾ। ਤਕਨੀਕੀ ਖਰਾਬੀ ਦੇ ਕਾਰਨ ਅੱਧੇ ਤੋਂ ਘੱਟ ਇਲਾਕੇ 'ਚ ਬਿਜਲੀ ਸੇਵਾਵਾਂ ਚੱਲ ਰਹੀਆਂ ਸਨ ਅਤੇ ਬਾਕੀ ਬੰਦ ਪਿਆ ਸੀ। ਇਸ ਕਾਰਨ ਸਿਹਤ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।

ਬਾਕਸ

ਹਸਪਤਾਲ ਤੋਂ ਮਰੀਜ਼ ਗਾਇਬ ਹੋਣ ਨਾਲ ਪਈਆਂ ਭਾਜੜਾਂ

ਸਿਵਲ ਹਸਪਤਾਲ 'ਚ ਦਾਖਲ ਮਰੀਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਲਾਪਰਵਾਹੀ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਸੋਮਵਾਰ ਨੂੰ ਵੀ ਹਸਪਤਾਲ 'ਚ ਪਰਾਗਪੁਰ ਤੋਂ ਆਇਆ 35 ਸਾਲਾ ਸ਼ੱਕੀ ਮਰੀਜ਼ ਗਾਇਬ ਹੋਣ ਤੋਂ ਬਾਅਦ ਭਾਜੜਾਂ ਪੈ ਗਈਆਂ। ਇਸਤੋਂ ਪਹਿਲਾਂ ਵੀ 3-4 ਵਾਰ ਕੋਰੋਨਾ ਸ਼ੱਕੀ ਮਰੀਜ਼ ਹਸਪਤਾਲ ਤੋਂ ਗਾਇਬ ਹੋ ਚੁੱਕੇ ਹਨ। ਸੋਮਵਾਰ ਦੁਪਹਿਰ ਨੂੰ ਵਾਰਡ ਤੋਂ ਮਰੀਜ਼ ਗਾਇਬ ਹੋਣ ਕਾਰਨ ਹਫੜਾ-ਦਫੜੀ ਮਚ ਗਈ। ਅਧਿਕਾਰੀਆਂ ਤੇ ਸਟਾਫ ਨੇ ਬਹੁਤ ਭੱਜ-ਦੌੜ ਕੀਤੀ। ਇਸ ਸਬੰਧੀ ਸਿਵਲ ਹਸਪਤਾਲ ਦੇ ਐੱਮਏ ਡਾ. ਹਰਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਪਾਜ਼ੇਟਿਵ ਮਰੀਜ਼ ਪੂਰੀ ਸੁਰੱਖਿਆ ਵਿਵਸਥਾ 'ਚ ਹਨ। ਉਕਤ ਸ਼ੱਕੀ ਮਰੀਜ਼ ਨੈਗੇਟਿਵ ਸੀ ਅਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ।