ਅਮਰਜੀਤ ਸਿੰਘ ਵੇਹਗਲ, ਜਲੰਧਰ : ਥਾਣਾ ਮਕਸੂਦਾਂ ਦੀ ਪੁਲਿਸ ਨੇ 8 ਮਹੀਨਿਆਂ ਤੋਂ ਭਗੌੜੇ ਨਸ਼ਾ ਸਮੱਗਲਰ ਨੂੰ ਕਾਬੂ ਕੀਤਾ ਹੈ। ਥਾਣਾ ਮਕਸੂਦਾਂ ਦੇ ਥਾਣਾ ਮੁਖੀ ਕੰਵਰਜੀਤ ਸਿੰਘ ਬੱਲ ਨੇ ਦੱਸਿਆ ਕਿ 32 ਸਾਲਾ ਲਵਪ੍ਰਰੀਤ ਉਰਫ ਲਵਲੀ ਵਾਸੀ ਕਿਲ੍ਹਾ ਮੁਹੱਲਾ, ਕਪੂਰਥਲਾ ਸਿਟੀ 15 ਫਰਵਰੀ ਤੋਂ ਅਦਾਲਤ ਤੋਂ ਭਗੌੜਾ ਚੱਲਿਆ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਭਗੌੜਾ ਨਸ਼ਾ ਸਮੱਗਲਰ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਸੀ। ਉਸ ਵਿਰੁੱਧ ਆਬਕਾਰੀ ਐਕਟ ਤਹਿਤ ਥਾਣਾ ਮਕਸੂਦਾਂ 'ਚ ਕੇਸ ਦਰਜ ਕੀਤਾ ਗਿਆ ਸੀ ਤੇ ਅਦਾਲਤ ਦੇ ਹੁਕਮਾਂ 'ਤੇ ਉਸ ਨੂੰ ਜੇਲ੍ਹ ਭੇਜ ਦਿਤਾ ਗਿਆ ਸੀ। ਜੋ ਕਿ ਜ਼ਮਾਨਤ 'ਤੇ ਜੇਲ੍ਹ 'ਚੋਂ ਬਾਹਰ ਆਉਣ ਉਪਰੰਤ ਅਦਾਲਤ 'ਚ ਪੇਸ਼ ਨਾ ਹੋਇਆ। ਜਿਸ ਦਾ ਕੇਸ ਅਦਾਲਤ ਵਿਚ ਵਿਚਾਰ ਅਧੀਨ ਸੀ ਅਤੇ ਉਹ ਲਗਾਤਾਰ ਅਦਾਲਤ 'ਚ ਪੇਸ਼ ਹੋਣ ਤੋਂ ਗੈਰ ਹਾਜ਼ਰ ਰਿਹਾ। ਜਿਸ ਉਪਰੰਤ ਅਦਾਲਤ ਵੱਲੋਂ ਉਸ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ। ਅੱਜ ਗੁਪਤ ਸੂਚਨਾ ਦੇ ਆਧਾਰ 'ਤੇ ਸਬ ਇੰਸਪੈਕਟਰ ਗੁਰਮੇਜ ਸਿੰਘ ਸਮੇਤ ਪੁਲਿਸ ਪਾਰਟੀ ਨੇ ਭਗੌੜੇ ਨੂੰ ਪਿੰਡ ਵਰਿਆਣਾ ਤੋਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਨਸ਼ਾ ਸਮੱਗਲਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।