ਜਤਿੰਦਰ ਪੰਮੀ, ਜਲੰਧਰ
ਕੋਰੋਨਾ ਦੀ ਦੂਸਰੀ ਲਹਿਰ ਨਾਲ ਮਰੀਜ਼ਾਂ ਤੇ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧਣ ਦੇ ਨਾਲ ਸਿਹਤ ਵਿਭਾਗ ਵੀ ਡਗਮਗਾਉਣ ਲੱਗ ਪਿਆ ਹੈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਐੱਮਡੀ ਤਨੂੰ ਕਸ਼ਯਪ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕੋਰੋਨਾ ਜਾਂਚ ਲਈ ਸੈਂਪਲਾਂ ਦੀ ਗਿਣਤੀ ਵਧਾਉਣ ਦੇ ਹੁਕਮਾਂ ਦੇ ਬਾਵਜੂਦ ਸੈਂਪਲਾਂ ਦੀ ਗਿਣਤੀ ਘੱਟ ਹੋਣ ਲੱਗ ਪਈ ਹੈ। ਸੋਮਵਾਰ ਨੂੰ ਸਿਰਫ 1410 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਸੋਮਵਾਰ ਨੂੰ ਕੋਰੋਨਾ ਨੇ ਮਹਿੰਦਰ ਸਿੰਘ ਕਾਲੋਨੀ ਅਤੇ ਮੋਤੀ ਬਾਗ ਦੇ 17 ਲੋਕਾਂ ਸਮੇਤ 183 ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਨ੍ਹਾਂ 'ਚੋਂ 12 ਮਰੀਜ਼ ਦੂਸਰੇ ਜ਼ਿਲਿ੍ਹਆਂ ਦੇ ਸ਼ਾਮਲ ਹਨ। ਦੋ ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ। 100 ਮਰੀਜ਼ਾਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਤੋਂ ਛੁੱਟੀ ਦੇ ਕੇ ਘਰ ਭੇਜਿਆ ਗਿਆ।
ਪਿਛਲੇ ਹਫਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਐੱਮਡੀ ਤਨੂੰ ਕਸ਼ਯਪ ਨੇ ਸਿਵਲ ਹਸਪਤਾਲ 'ਚ ਦੌਰੇ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸੈਂਪਲਾਂ ਦੀ ਗਿਣਤੀ ਵਧਾਉਣ ਲਈ ਸਿਵਲ ਹਸਪਤਾਲ ਦੀ ਓਪੀਡੀ ਅਤੇ ਦਾਖਲ ਮਰੀਜ਼ਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲੈਣ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਡੀਸੀ ਘਨਸ਼ਿਆਮ ਥੋਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਰੋਜ਼ਾਨਾ 6 ਹਜ਼ਾਰ ਲੋਕਾਂ ਦੇ ਸੈਂਪਲਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਇਸ ਦੇ ਬਾਵਜੂਦ ਸੈਂਪਲਾਂ ਦੀ ਗਿਣਤੀ ਵਧਣ ਦੀ ਬਜਾਏ ਘੱਟ ਹੋਣ ਲੱਗ ਪਈ ਹੈ। ਇਨ੍ਹਾਂ ਹਾਲਾਤਾਂ 'ਚ ਜ਼ਿਲ੍ਹੇ 'ਚ ਲੁਕੇ ਹੋਏ ਕੋਰੋਨਾ ਕੈਰੀਅਰਜ਼ ਨੂੰ ਲੱਭਣਾ ਮੁਸ਼ਕਿਲ ਹੋਵੇਗਾ। ਇਹ ਦੂਸਰੇ ਲੋਕਾਂ ਲਈ ਵੀ ਕੋਰੋਨਾ ਦੇ ਖ਼ਤਰੇ ਦੀ ਘੰਟੀ ਬਣ ਸਕਦੇ ਹਨ।
ਸਿਹਤ ਵਿਭਾਗ ਅਨੁਸਾਰ ਸੋਮਵਾਰ ਨੂੰ ਪੁਲਿਸ ਕਮਿਸ਼ਨਰ ਦਫ਼ਤਰ, ਦਾਣਾ ਮੰਡੀ, ਨਿੱਜੀ ਹਸਪਤਾਲ ਆਦਮਪੁਰ, ਸਰਕਾਰੀ ਕੰਨਿਆ ਸਕੂਲ ਫਿਲੌਰ, ਸੀਆਰਪੀਐੱਫ ਕੈਂਪ, ਚੈਰੀਟੇਬਲ ਹਸਪਤਾਲ ਤੋਂ 1-1, ਨਿੱਜੀ ਕਲੀਨਿਕਾਂ ਤੋਂ ਦੋ ਡਾਕਟਰ ਅਤੇ ਸੈਨਾ ਹਸਪਤਾਲ ਤੋਂ 3 ਲੋਕਾਂ ਨੂੰ ਕੋਰੋਨਾ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਇਲਾਵਾ ਮੋਹਿੰਦਰ ਸਿੰਘ ਕਾਲੋਨੀ ਤੋਂ 10, ਮੋਤੀ ਬਾਗ ਤੇ ਮਿੱਠਾਪੁਰ ਤੋਂ 7-7, ਦੀਪ ਨਗਰ ਤੋਂ 5, ਨਕੋਦਰ ਤੋਂ 6, ਆਦਮਪੁਰ, ਜਮਸ਼ੇਰ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਅਰਬਨ ਅਸਟੇਟ, ਜੀਟੀਬੀ ਨਗਰ ਤੋਂ 4-4, ਪਿੰਡ ਰੰਧਾਵਾ ਮਸੰਦਾ, ਅਵਤਾਰ ਨਗਰ, ਆਦਰਸ਼ ਨਗਰ, ਜਲੰਧਰ ਹਾਈਟਸ, ਸ਼ਹੀਦ ਊਧਮ ਸਿੰਘ ਨਗਰ, ਸ਼ਹੀਦ ਬਾਬਾ ਦੀਪ ਸਿੰਘ ਨਗਰ ਅਤੇ ਮਾਡਲ ਟਾਊਨ ਤੋਂ 3-3, ਟੈਗੋਰ ਨਗਰ, ਲਸੂੜੀ ਮੁਹੱਲਾ, ਕਰਤਾਰਪੁਰ, ਬੰਬੇ ਨਗਰ, ਮਿਸ਼ਨ ਕੰਪਾਊਂਡ, ਸੈਂਟਰਲ ਟਾਊਨ, ਗੋਪਾਲ ਨਗਰ ਅਤੇ ਨਿਜ਼ਾਮਤ ਨਗਰ ਤੋਂ 2-2 ਮਰੀਜ਼ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸੂਚੀ 'ਚ ਸ਼ਾਮਲ ਹਨ।
ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ ਕਰੀਬ 85 ਟੀਮਾਂ ਸੈਂਪਲ ਲੈਣ ਲਈ ਤਾਇਨਾਤ ਕੀਤੀਆਂ ਗਈਆਂ ਹਨ। ਠੰਢ ਹੋਣ ਕਾਰਨ ਲੋਕ ਘਰਾਂ ਤੋਂ ਬਾਹਰ ਘੱਟ ਨਿਕਲ ਰਹੇ ਹਨ। ਇਸ ਤੋਂ ਇਲਾਵਾ ਜ਼ਿਆਦਾਤਰ ਲੋਕ ਸੈਂਪਲ ਲੈਣ ਵਾਲੀਆਂ ਟੀਮਾਂ ਨੂੰ ਸੈਂਪਲ ਦੇਣ ਤੋਂ ਮਨਾ ਕਰ ਦਿੰਦੇ ਹਨ। ਕਈ ਵਾਰ ਟੀਮ ਦੇ ਮੈਂਬਰਾਂ ਨਾਲ ਝਗੜਾ ਵੀ ਕਰਦੇ ਹਨ। ਇਸ ਦੇ ਬਾਵਜੂਦ ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਮੂੰਹ 'ਤੇ ਮਾਸਕ, ਦੋ ਮੀਟਰ ਦੀ ਸਰੀਰਕ ਦੂਰੀ ਤੇ ਸੈਨੇਟਾਈਜ਼ੇਸ਼ਨ ਲਈ ਜਾਗਰੂਕ ਕਰ ਰਹੀ ਹੈ। ਉਨ੍ਹਾਂ ਨੇ ਇਨ੍ਹਾਂ ਦਿਨਾਂ 'ਚ ਬੱਚਿਆਂ ਤੇ ਬਜ਼ੁਰਗਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ। ਜ਼ਿਲ੍ਹੇ 'ਚ ਸੋਮਵਾਰ ਨੂੰ ਮਰੀਜ਼ਾਂ ਦੀ ਗਿਣਤੀ 17071 ਅਤੇ ਮਰਨ ਵਾਲਿਆਂ ਦੀ 535 ਤਕ ਪਹੁੰਚ ਗਈ ਹੈ। 15517 ਮਰੀਜ਼ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਤੋਂ ਘਰ ਵਾਪਸ ਪਰਤ ਚੁੱਕੇ ਹਨ। ਸੋਮਵਾਰ ਨੂੰ 1410 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜਣ ਨਾਲ ਅੰਕੜਾ 352821 ਤਕ ਪਹੁੰਚ ਗਿਆ। ਇਨ੍ਹਾਂ 'ਚੋਂ 319514 ਲੋਕਾਂ ਦੇ ਸੈਂਪਲ ਨੈਗੇਟਿਵ ਪਾਏ ਗਏ।
-----
-ਜ਼ਿਲ੍ਹੇ 'ਚੋਂ ਕੋਰੋਨਾ ਜਾਂਚ ਲਈ ਲਏ ਗਏ ਸੈਂਪਲ
13 ਨਵੰਬਰ 4310
14 ਨਵੰਬਰ 3544
15 ਨਵੰਬਰ 541
16 ਨਵੰਬਰ 465
17 ਨਵੰਬਰ 3921
18 ਨਵੰਬਰ 3811
19 ਨਵੰਬਰ 4863
20 ਨਵੰਬਰ 3750
21 ਨਵੰਬਰ 3646
22 ਨਵੰਬਰ 2496
23 ਨਵੰਬਰ 1410
ਅੱਜ ਹੋਈਆਂ ਮੌਤਾਂ ਦਾ ਵੇਰਵਾ
ਉਮਰ ਲਿੰਗ ਪਤਾ ਹੋਰ ਬਿਮਾਰੀ ਮੌਤ ਦੀ ਜਗ੍ਹਾ
85 ਸਾਲ ਪੁਰਸ਼ ਦਸ਼ਮੇਸ਼ ਨਗਰ ਕੋਈ ਨਹੀਂ ਸਿਵਲ ਹਸਪਤਾਲ
57 ਸਾਲ ਪੁੁਰਸ਼ ਮਕਸੂਦਾਂ ਕੋਈ ਨਹੀਂ ਨਿਜੀ ਹਸਪਤਾਲ
ਅੱਜ ਪਾਜ਼ੇਟਿਵ ਆਏ ਮਰੀਜ਼
ਬੱਚੇ 12
ਅੌਰਤਾਂ 66
ਪੁਰਸ਼ 93