ਮਦਨ ਭਾਰਦਵਾਜ, ਜਲੰਧਰ

ਸੈਂਟਰਲ ਵਿਧਾਨ ਸਭਾ ਹਲਕਾ 'ਚ ਪੈਂਦੀ ਚੁਗਿੱਟੀ ਦੇ ਕੂੜਾ ਡੰਪ ਨੂੰ ਤਬਦੀਲ ਕਰਨ ਲਈ ਮੇਅਰ ਜਗਦੀਸ਼ ਰਾਜਾ, ਵਿਧਾਇਕ ਰਾਜਿੰਦਰ ਬੇਰੀ ਤੇ ਨਿਗਮ ਕਮਿਸ਼ਨਰ ਅਤੇ ਸਮਾਰਟ ਸਿਟੀ ਦੇ ਸੀਈਓ ਕਰਨੇਸ਼ ਸ਼ਰਮਾ ਨੇ ਡੰਪ ਦਾ ਮੌਕਾ ਦੇਖਿਆ ਅਤੇ ਇਸ ਨੂੰ ਦੂਜੇ ਪਾਸੇ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧ 'ਚ ਮੇਅਰ ਜਗਦੀਸ਼ ਰਾਜਾ ਨਾਲ ਵਿਧਾਇਕ ਬੇਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਸੈਂਟਰਲ ਹਲਕੇ ਦੇ ਲਾਡੋਵਾਲੀ ਰੋਡ, ਪਲਾਜ਼ਾ ਚੌਕ, ਕਾਜ਼ੀ ਮੰਡੀ ਤੇ ਰਾਮਾ ਮੰਡੀ ਦੇ ਕੂੜੇ ਦੇ ਡੰਪ ਵੀ ਤਬਦੀਲ ਕੀਤੇ ਜਾਣ ਕਿਉਂ ਕਿ ਇਹ ਡੰਪ ਰਿਹਾਇਸ਼ੀ ਤੇ ਕਾਰੋਬਾਰੀ ਇਲਾਕਿਆਂ ਵਿਚ ਹਨ ਜਿਨ੍ਹਾਂ ਕਾਰਨ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਤੇ ਕਾਰੋਬਾਰੀ ਇਲਾਕਿਆਂ ਵਿਚ ਡੰਪ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ ਅਤੇ ਇਕ ਪਾਸੇ ਦੂਸ਼ਿਤ ਵਾਤਾਵਰਨ ਅਤੇ ਦੂਜੇ ਪਾਸੇ ਕੋਰੋਨਾ ਮਹਾਮਾਰੀ ਦਾ ਖ਼ਤਰਾ ਮੰਡਰਾ ਰਿਹਾ ਹੈ, ਇਸ ਲਈ ਉਕਤ ਡੰਪਾਂ ਨੂੰ ਵੀ ਰਿਹਾਇਸ਼ੀ ਤੇ ਕਾਰੋਬਾਰੀ ਇਲਾਕਿਆਂ ਤੋਂ ਤੁਰੰਤ ਤਬਦੀਲ ਕੀਤਾ ਜਾਵੇ। ਇਸ ਦੌਰਾਨ ਕਮਿਸ਼ਨਰ ਨੇ ਕੋਈ ਨਾ ਕੋਈ ਹੱਲ ਖੋਜਣ ਦਾ ਭਰੋਸਾ ਦਿੱਤਾ। ਉਨ੍ਹਾਂ ਨਾਲ ਹੈਲਥ ਅਫ਼ਸਰ ਡਾ. ਸ੍ਰੀਕ੍ਰਿਸ਼ਨ ਸ਼ਰਮਾ, ਸਮਾਰਟ ਸਿਟੀ ਦੇ ਅਸ਼ੀਸ਼ ਸੁਕਲਾ, ਪ੍ਰਰੀਤਮ ਸਿੰਘ, ਨਿਗਮ ਦੇ ਐੱਸਡੀਓ ਕਰਨ ਦੱਤਾ ਅਤੇ ਸੈਨੇਟਰੀ ਇੰਸਪੈਕਟਰ ਰਮਨਜੀਤ ਸਿੰਘ ਆਦਿ ਮੌਜੂਦ ਸਨ।

ਇਹ ਵਰਨਣਯੋਗ ਹੈ ਕਿ ਚੁਗਿੱਟੀ ਫਲਾਈਓਵਰ ਦਾ ਉਦਘਾਟਨ ਵਿੱਤ ਮੰਤਰੀ ਮਨਪ੍ਰਰੀਤ ਬਾਦਲ ਵੱਲੋਂ 29 ਨਵੰਬਰ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ਨੂੰ ਲੈ ਕੇ ਚੁਗਿੱਟੀ ਦਾ ਕੂੜਾ ਡੰਪ ਤਬਦੀਲ ਕਰਨ ਲਈ ਨਗਰ ਨਿਗਮ ਸਰਗਰਮ ਹੋ ਗਈ ਹੈ ਅਤੇ ਉਸ ਨੂੰ ਨਾਲ ਦੇ ਇਲਾਕੇ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਹੈਲਥ ਤੇ ਸੈਨੀਟੇਸ਼ਨ ਐਡਹਾਕ ਕਮੇਟੀ ਦੇ ਚੇਅਰਮੈਨ ਬਲਰਾਜ ਠਾਕਰ, ਮੈਂਬਰ ਜਗਦੀਸ਼ ਸਮਰਾਏ, ਸਹਾਇਕ ਸਿਹਤ ਅਫ਼ਸਰ ਡਾ. ਰਾਜ ਕਮਲ ਅਤੇ ਕੌਂਸਲਰ ਪਤੀ ਜੀਤਾ ਸੈਣੀ ਨੇ ਵੀ ਮੌਕਾ ਦੇਖਿਆ ਸੀ।