ਉਦਘਾਟਨੀ ਮੈਚ 'ਚ ਪੰਜਾਬ ਪੁਲਿਸ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 1-0 ਦੇ ਫ਼ਰਕ ਨਾਲ ਹਰਾਇਆ

ਜਤਿੰਦਰ ਪੰਮੀ, ਜਲੰਧਰ

ਪੰਜਾਬ ਪੁਲਿਸ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 1-0 ਦੇ ਫ਼ਰਕ ਨਾਲ ਹਰਾ ਕੇ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿਚ ਜੇਤੂ ਸ਼ੁਰੂਆਤ ਕਰਦੇ ਹੋਏ ਤਿੰਨ ਅੰਕ ਹਾਸਲ ਕੀਤੇ। ਜਲੰਧਰ ਕੈਂਟ ਦੇ ਕਟੋਚ ਐਸਟਰੋਟਰਫ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋਏ ਉਕਤ ਟੂਰਨਾਮੈਂਟ ਦਾ ਉਦਘਾਟਨ ਲੈਫਟੀਨੈਂਟ ਕਰਨਲ ਸੀ ਬੰਸੀ ਪੁਨੱਪਾ ਏਵੀਐੱਸਐੱਮ ਵੀਐੱਸਐੱਮ ਨੇ ਕੀਤਾ। ਉਦਘਾਟਨੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਮੁੱਖ ਮਹਿਮਾਨ ਦਾ ਸਵਾਗਤ ਸੁਰਜੀਤ ਹਾਕੀ ਸੁਸਾਇਟੀ ਦੇ ਜਨਰਲ ਸਕੱਤਰ ਇਕਬਾਲ ਸਿੰਘ ਸੰਧੂ ਨੇ ਕੀਤਾ। ਦੋਵਾਂ ਟੀਮਾਂ ਦਰਮਿਆਨ ਮੁਕਾਬਲਾ ਕਾਂਟੇਦਾਰ ਰਿਹਾ। ਖੇਡ ਦਾ ਪਹਿਲਾ ਕੁਆਰਟਰ ਬਿਨਾਂ ਕਿਸੇ ਗੋਲ ਦੇ ਬਰਾਬਰ ਰਿਹਾ। ਖੇਡ ਦੇ ਦੂਜੇ ਕੁਆਰਟਰ ਦੇ 27ਵੇਂ ਮਿੰਟ ਵਿੱਚ ਪੰਜਾਬ ਪੁਲਿਸ ਵੱਲੋਂ ਓਲੰਪੀਅਨ ਰਮਨਦੀਪ ਸਿੰਘ ਨੇ ਸਿਮਰਨਜੀਤ ਸਿੰਘ ਦੇ ਪਾਸ 'ਤੇ ਮੈਦਾਨੀ ਗੋਲ ਕਰ ਕੇ ਪੁਲਿਸ ਨੂੰ ਬੜ੍ਹਤ ਦੁਆਈ। ਅੱਧੇ ਸਮੇਂ ਤੱਕ ਪੰਜਾਬ ਪੁਲਿਸ 1-0 ਨਾਲ ਅੱਗੇ ਸੀ। ਅੱਧੇ ਸਮੇਂ ਤੋਂ ਬਾਅਦ ਖੇਡ ਦੇ ਤੀਜੇ ਕੁਆਰਟਰ ਵਿਚ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ ਪਰ ਪੰਜਾਬ ਪੁਲਿਸ ਦੇ ਗੋਲਕੀਪਰ ਹਰਜੋਤ ਸਿੰਘ ਨੇ ਸ਼ਾਨਦਾਰ ਬਚਾਅ ਕੀਤੇ। ਖੇਡ ਦੇ ਚੌਥੇ ਕੁਆਰਟਰ ਵਿਚ ਦੋਵੇਂ ਟੀਮਾਂ ਨੇ ਗੋਲ ਕਰਨ ਦੇ ਕਈ ਮੌਕੇ ਗੁਆਏ। ਇਸ ਮੌਕੇ ਤੇ ਓਲੰਪੀਅਨ ਹਰਪ੍ਰਰੀਤ ਸਿੰਘ ਮੰਡੇਰ, ਲਖਵਿੰਦਰ ਪਾਲ ਸਿੰਘ ਖਹਿਰਾ, ਅਮਰੀਕ ਸਿੰਘ ਪੁਆਰ, ਕ੍ਰਿਪਾਲ ਸਿੰਘ ਮਠਾਰੂ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਰਾਮ ਪ੍ਰਤਾਪ, ਰਣਬੀਰ ਸਿੰਘ ਰਾਣਾ ਟੁੱਟ, ਕੁਲਵਿੰਦਰ ਸਿੰਘ ਥਿਆੜਾ, ਓਲੰਪੀਅਨ ਰਜਿੰਦਰ ਸਿੰਘ, ਡੀਐੱਸਪੀ ਮੇਜਰ ਸਿੰਘ, ਡੀਐੱਸਪੀ ਹਰਿੰਦਰ ਸਿੰਘ ਡਿੰਪੀ, ਗੌਰਵ ਮਹਾਜਨ, ਟੂਰਨਾਮੈਂਟ ਦੀ ਜੇਤੂ ਟੀਮ ਨੂੰ ਪੰਜ ਲੱਖ ਦਾ ਨਕਦ ਇਨਾਮ ਦੇਣ ਵਾਲੇ ਐੱਨਆਰਆਈ ਅਮੋਲਕ ਸਿੰਘ ਗਾਖਲ, ਨੱਥਾ ਸਿੰਘ ਗਾਖਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

24 ਅਕਤੂਬਰ ਦੇ ਮੈਚ

ਪੰਜਾਬ ਐਂਡ ਸਿੰਧ ਬੈਂਕ ਬਨਾਮ ਇੰਡੀਅਨ ਏਅਰ ਫੋਰਸ - 2.00 ਵਜੇ

ਭਾਰਤੀ ਰੇਲਵੇ ਬਨਾਮ ਸੀਆਰਪੀਐੱਫ ਦਿੱਲੀ- 3.30 ਵਜੇ

ਫੋਟੋ 28