ਅਵਤਾਰ ਰਾਣਾ, ਮੱਲੀਆਂ ਕਲਾਂ : ਇਲਾਕੇ 'ਚ ਸਰਗਰਮ ਚੋਰ ਗਿਰੋਹ ਵੱਲੋਂ ਰਾਤ ਵੇਲੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਮੱਲ੍ਹੀਆਂ ਕਲਾਂ ਦੀ ਦਾਣਾ ਮੰਡੀ 'ਚੋਂ 31 ਬੋਰੀਆਂ ਕਣਕ ਚੋਰੀ ਕਰ ਲਈਆਂ ਗਈਆਂ। ਆੜ੍ਹਤੀਏ ਨਿਰਮਲ ਸਿੰਘ ਮੱਲ੍ਹੀ, ਬਲਕਾਰ ਸਿੰਘ ਚਮਦਲ, ਤੇ ਹਰਬੰਸ ਲਾਲ ਚੰਮਦਲ ਨੇ ਦੱਸਿਆ ਕੇ ਮੰਡੀ 'ਚ ਲਿਫਟਿੰਗ ਨਾ ਹੋਣ ਕਰ ਕੇ ਕਣਕ ਦੇ ਢੇਰ ਲੱਗੇ ਹੋਏ ਸਨ ਅਤੇ ਰਾਤ ਦੇ ਹਨੇਰੇ 'ਚ ਚੋਰ ਗਿਰੋਹ ਨੇ ਨਿਰਮਲ ਸਿੰਘ ਦੇ ਫੜ੍ਹ 'ਚੋਂ 7, ਬਲਕਾਰ ਸਿੰਘ ਦੇ ਫੜ੍ਹ 'ਚੋਂ 16 ਤੇ ਹਰਬੰਸ ਲਾਲ ਦੇ ਫੜ੍ਹ 'ਚੋਂ 8 ਬੋਰੀਆਂ ਕਣਕ ਚੋਰੀ ਕਰ ਲਈ ਜਿਸ ਦਾ ਬਾਅਦ 'ਚ ਪਤਾ ਲੱਗਾ। ਉਨ੍ਹਾਂ ਨੇ ਦੱਸਿਆ ਕਿ ਮੰਡੀ 'ਚ ਰੋਸ਼ਨੀ ਦੀ ਘਾਟ ਹੈ ਤੇ ਚੌਕੀਦਾਰ ਵੀ ਨਹੀਂ ਹੈ ਜਿਸ ਕਾਰਨ ਇਹ ਵਾਰਦਾਤ ਹੋਈ ਹੈ। ਉਨ੍ਹਾਂ ਨੇ ਮਾਰਕੀਟ ਕਮੇਟੀ ਨੂੰ ਮੰਗ ਕੀਤੀ ਹੈ ਕਿ ਮੰਡੀ 'ਚ ਚੰਗੀ ਰੋਸ਼ਨੀ ਤੇ ਚੌਕੀਦਾਰ ਦਾ ਪ੍ਰਬੰਧ ਕੀਤਾ ਜਾਵੇ। ਇਸ ਚੋਰੀ ਦੀ ਸੂਚਨਾ ਪੁਲਿਸ ਚੌਕੀ ਉੱਗੀ ਨੂੰ ਕਰ ਦਿੱਤੀ ਗਈ ਹੈ।