ਅਰਸ਼ਦੀਪ ਸਿੰਘ, ਮਲਸੀਆਂ

ਸ਼ਨਿਚਰਵਾਰ ਦੇਰ ਸ਼ਾਮ ਸਥਾਨਕ ਸ਼ਾਹਕੋਟ ਰੋਡ 'ਤੇ ਏਪੀਐੱਸ ਨਰਸਿੰਗ ਕਾਲਜ ਦੇ ਨਜ਼ਦੀਕ ਇਕ ਪ੍ਰਰਾਈਵੇਟ ਬੱਸ ਅਤੇ ਕਾਰ 'ਚ ਹੋਈ ਭਿਆਨਕ ਟੱਕਰ 'ਚ ਪਤੀ ਪਤਨੀ ਤੇ ਉਨ੍ਹਾਂ ਦਾ ਮਾਸੂਮ ਬੱਚਾ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਹੋਣਾ ਪਿਆ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਨਿਊ ਦੀਪ ਕੰਪਨੀ ਦੀ ਬੱਸ ਜਿਸ ਵਿਚ ਕਰੀਬ 35 ਸਵਾਰੀਆਂ ਸਨ, ਮਾਤਾ ਚਿੰਤਪੁਰਨੀ ਤੋਂ ਡੱਬਵਾਲੀ ਜਾ ਰਹੀ ਸੀ, ਜਿਸ ਨੂੰ ਲਖਵਿੰਦਰ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਪਿੰਡ ਚੜ੍ਹੇਵਾਨ ਜ਼ਿਲ੍ਹਾ ਮੁਕਤਸਰ ਸਾਹਿਬ ਚਲਾ ਰਹੇ ਸਨ, ਦੀ ਦੂਜੇ ਪਾਸੇ ਤੋਂ ਆ ਰਹੀ ਆਈ-10 ਕਾਰ ਨਾਲ ਜ਼ੋਰਦਾਰ ਟੱਕਰ ਹੋ ਗਈ। ਪ੍ਰਰਾਪਤ ਜਾਣਕਾਰੀ ਅਨੁਸਾਰ ਕਾਰ ਨੂੰ ਈਸ਼ਾਨ ਧਵਨ (32) ਪੁੱਤਰ ਸੁਭਾਸ਼ ਕੁਮਾਰ ਵਾਸੀ ਕੋਟਕਪੂਰਾ ਚਲਾ ਰਿਹਾ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਗਾਇਤਰੀ ਤੇ ਉਨ੍ਹਾਂ ਦਾ ਬੱਚਾ ਓਵਾਨ (2) ਵੀ ਸਨ। ਮਲਸੀਆਂ ਪਹੁੰਚਣ 'ਤੇ ਉਨ੍ਹਾਂ ਦੀ ਕਾਰ ਅਚਾਨਕ ਡਿਵਾਈਡਰ ਨਾਲ ਟਕਰਾ ਕੇ ਹਾਈਵੇ ਦੇ ਦੂਜੇ ਪਾਸਿਉਂ ਆ ਰਹੀ ਬੱਸ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦੇ ਪਰਖਚੇ ਉੱਡ ਗਏ ਤੇ ਹਾਈਵੇ ਦੇ ਦੂਜੇ ਪਾਸੇ ਇਕ ਟੋਏ 'ਚ ਜਾ ਡਿੱਗੀ। ਇਸ ਟੱਕਰ 'ਚ ਕਾਰ ਸਵਾਰ ਤਿੰਨੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਾਈਵੇ ਪੈਟਰੋਲਿੰਗ ਦੀ ਗੱਡੀ 'ਚ ਏਐੱਸਆਈ ਜਸਵਿੰਦਰ ਸਿੰਘ ਅਤੇ ਏਐੱਸਆਈ ਜੈ ਰਾਮ ਵੱਲੋਂ ਸਿਵਲ ਹਸਪਤਾਲ ਨਕੋਦਰ ਲਿਜਾਇਆ ਗਿਆ, ਜਿਥੋਂ ਕਿ ਉਨ੍ਹਾਂ ਨੂੰ ਜਲੰਧਰ ਦੇ ਸਤਿਅਮ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਕਤ ਸੜਕ ਹਾਦਸੇ 'ਚ ਬੱਸ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਬੱਸ ਦੇ ਚਾਲਕ ਲਖਵਿੰਦਰ ਸਿੰਘ ਦੇ ਵੀ ਸੱਟਾਂ ਲੱਗੀਆਂ। ਪੁਲਿਸ ਚੌਕੀ ਮਲਸੀਆਂ ਦੇ ਇੰਚਾਰਜ ਨੇ ਦੱਸਿਆ ਕਿ ਪੁਲਿਸ ਦੁਆਰਾ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਇਥੇ ਪਹਿਲਾਂ ਵੀ ਕਈ ਲੋਕ ਹਾਦਸਿਆਂ 'ਚ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ, ਪਰ ਹਾਈਵੇ ਅਥਾਰਟੀ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।