ਜਤਿੰਦਰ ਪੰਮੀ, ਜਲੰਧਰ

ਕੋਰੋਨਾ ਮਹਾਮਾਰੀ ਨੇ ਸ਼ੁੱਕਰਵਾਰ ਨੂੰ ਵੀ ਸਰਕਾਰੀ ਸਕੂਲਾਂ 'ਚ ਵਾਇਰਸ ਤੋਂ ਬਚਾਅ ਲਈ ਲਾਗੂ ਕੀਤੇ ਗਏ ਨਿਯਮਾਂ 'ਚ ਵਰਤੀ ਜਾ ਅਣਗਹਿਲੀ ਦੀ ਪੋਲ ਖੋਲ੍ਹ ਦਿੱਤੀ। 2 ਸਾਲ ਦੇ ਬੱਚੇ, 61 ਸਕੂਲੀ ਵਿਦਿਆਰਥੀਆਂ ਤੇ 5 ਅਧਿਆਪਕਾਂ ਸਮੇਤ 177 ਵਿਅਕਤੀ ਕੋਰੋਨਾ ਦੀ ਗਿ੍ਫ਼ਤ 'ਚ ਆਏ ਤੇ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਨਿੱਜੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੀ ਵਾਈਸ ਚੇਅਰਪਰਸਨ ਤੇ ਸੇਵਾਮੁਕਤ ਸਹਾਇਕ ਸਿਵਲ ਸਰਜਨ ਵੀ ਕੋਰੋਨਾ ਦੀ ਲਪੇਟ ਆਏ। ਓਧਰ 59 ਮਰੀਜ਼ ਸਰਕਾਰੀ ਤੇ ਗ਼ੈਰ-ਸਰਕਾਰੀ ਹਸਪਤਾਲਾਂ 'ਚੋਂ ਮਹਾਮਾਰੀ ਖ਼ਿਲਾਫ਼ ਜੰਗ ਜਿੱਤ ਕੇ ਘਰ ਵਾਪਸ ਪੁੱਜੇ। ਜ਼ਿਲ੍ਹੇ ਨੈਗੇਟਿਵਾਂ ਸੈਂਪਲਾਂ ਦੀ ਗਿਣਤੀ 6 ਲੱਖ ਤੋਂ ਟੱਪ ਗਈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਸ਼ਾਂਤੀਪੁਰਾ ਦੇ ਇਕ ਪਰਿਵਾਰ ਦੇ ਦੋ, ਬਸੰਤ ਨਗਰ ਤੇ ਆਬਾਦਪੁਰਾ 'ਚ ਇਕ-ਇਕ ਪਰਿਵਾਰ ਦੇ ਤਿੰਨ-ਤਿੰਨ ਮੈਂਬਰ ਅਤੇ ਛੋਟੀ ਬਾਰਾਂਦਰੀ-2 ਤੋਂ ਦੋ ਸਾਲ ਦੇ ਬੱਚੇ ਤੋਂ ਇਲਾਵਾ ਤਿੰਨ ਪਰਿਵਾਰਾਂ ਦੇ ਸੱਤ ਮੈਂਬਰ ਕੋਰੋਨਾ ਦਾ ਸ਼ਿਕਾਰ ਹੋਏ। ਸੀਐੱਚਸੀ ਪੀਏਪੀ ਤੋਂ 1, ਧਨਾਲ ਕਲਾਂ ਤੇ ਪੀਏਪੀ ਕੈਂਪਸ ਤੋਂ 6-6, ਗੁਰੂ ਨਾਨਕਪੁਰਾ ਈਸਟ ਤੇ ਮਿਲਟਰੀ ਹਸਪਤਾਲ ਤੋਂ 3-3, ਮੋਤਾ ਸਿੰਘ ਨਗਰ, ਨਾਗਰਾ, ਰੋਜ਼ ਪਾਰਕ, ਫਰੈਂਡਜ਼ ਐਵੇਨਿਊ, ਮਰੀਜ਼ ਸੰਭਾਲ ਕੇਂਦਰ ਤੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਤੋਂ 2-2 ਵਿਅਕਤੀ ਪਾਜ਼ੇਟਿਵ ਮਰੀਜ਼ਾਂ ਦੀ ਸੂਚੀ ਵਿਚ ਸ਼ਾਮਲ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਨੋਡਲ ਅਫ਼ਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚੋਂ ਅੱਜ 61 ਵਿਦਿਆਰਥੀਆਂ ਤੇ 5 ਅਧਿਆਪਕ ਸਮੇਤ 177 ਵਿਅਕਤੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ। ਇਨ੍ਹਾਂ ਵਿਚੋਂ 55 ਹੋਰ ਜ਼ਿਲਿ੍ਹਆਂ ਦੇ ਮਰੀਜ਼ ਹਨ ਜਦੋਂਕਿ ਜ਼ਿਲ੍ਹੇ ਦੇ 122 ਮਰੀਜ਼ ਹਨ। ਜ਼ਿਲ੍ਹੇ 'ਚ ਜਿਨ੍ਹਾਂ ਸਕੂਲਾਂ ਦੇ ਵਿਦਿਆਰਥੀ ਕੋਰੋਨਾ ਦਾ ਸ਼ਿਕਾਰ ਹੋਏ ਹਨ, ਉਨ੍ਹਾਂ ਨੂੰ ਸੈਨੇਟਾਈਜ਼ ਕਰ ਕੇ 48 ਘੰਟੇ ਲਈ ਸੀਲ ਕੀਤਾ ਜਾਵੇਗਾ। ਡਾ. ਟੀਪੀ ਸਿੰਘ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ ਤਿੰਨ ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦਾ ਅੰਕੜਾ 719 ਤਕ ਪੁੱਜ ਗਿਆ ਜਦੋਂਕਿ ਕੁੱਲ ਮਰੀਜ਼ਾਂ ਦੀ ਗਿਣਤੀ 22256 ਹੋ ਗਈ। 59 ਮਰੀਜ਼ਾਂ ਦੇ ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਤੋਂ ਬਾਅਦ ਗਿਣਤੀ 20696 ਹੋ ਗਈ। 3747 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਤੇ ਸ਼ੁੱਕਰਵਾਰ ਨੂੰ ਆਈ ਰਿਪੋਰਟ ਵਿਚ 4418 ਲੋਕਾਂ ਦੀ ਰਿਪੋਰਟ ਨੈਗੇਟਿਵ ਆਉਣ ਦੇ ਨਾਲ ਹੀ ਨੈਗੇਟਿਵ ਸੈਂਪਲਾਂ ਦਾ ਅੰਕੜਾ 602534 ਹੋ ਗਿਆ।

ਸਕੂਲ ਵਿਦਿਆਰਥੀ ਅਧਿਆਪਕ

ਭੋਗਪੁਰ 10

ਭਾਰਗੋ ਕੈਂਪ 01

ਆਬਾਦਪੁਰਾ 3

ਲੰਮਾ ਪਿੰਡ 05

ਮੈਰੀਟੋਰੀਅਸ 02

ਬਸਤੀ ਸ਼ੇਖ 08

ਕਾਹਨਾ ਢੇਸੀਆਂ 02 1

ਕਾਨਵੈਂਟ ਸਕੂਲ ਲਿੱਧੜਾ 02

ਬਿਲਗਾ 01

ਪੀਏਪੀ 02

ਕਲਿਆਣਪੁਰ 01

ਫਿਲੌਰ 25

ਅੱਜ ਪਾਜ਼ੇਟਿਵ ਆਏ ਮਰੀਜ਼

ਬੱਚੇ 48

ਅੌਰਤਾਂ 32

ਪੁਰਸ਼ 42

ਬਜ਼ੁਰਗਾਂ 'ਚ ਵੈਕਸੀਨ ਲਵਾਉਣ ਲਈ ਖਾਸਾ ਉਤਸ਼ਾਹ

ਕੋਵੈਕਸੀਨ ਕੋਰੋਨਾ ਵੈਕਸੀਨ ਵੀ ਹੋਈ ਸ਼ੁਰੂ

ਜਲੰਧਰ : ਕੋਰੋਨਾ ਵੈਕਸੀਨ ਲਵਾਉਣ ਲਈ ਸ਼ੁੱਕਰਵਾਰ ਨੂੰ ਡੀਸੀਪੀ (ਇਨਵੈਸਟੀਗੇਸ਼ਨ) ਗੁਰਮੀਤ ਸਿੰਘ, ਐੱਸਡੀਐੱਮ ਫਿਲੌਰ ਡਾ. ਵਿਨੀਤ ਕੁਮਾਰ, ਏਐੱਸਪੀ ਫਿਲੌਰ ਸੁਹੇਲ ਕਾਸਿਮ ਮੀਰ, ਤਹਿਸੀਲਦਾਰ ਤਪਨ ਭਨੋਟ ਵੀ ਪੁੱਜੇ। ਉਥੇ ਹੀ ਵੈਕਸੀਨ ਲਵਾਉਣ ਵਾਲਿਆਂ 'ਚ ਬਜ਼ੁਰਗਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ ਹੈ। ਸ਼ੁੱਕਰਵਾਰ ਨੂੰ 1084 ਬਜ਼ੁਰਗਾਂ ਨੇ ਕੋਰੋਨਾ ਵੈਕਸੀਨ ਲਵਾਈ। ਦੱਸਣਯੋਗ ਹੈ ਕਿ ਪਿਛਲੇ ਪੰਜ ਦਿਨਾਂ ਦੌਰਾਨ 2125 ਬਜ਼ੁਰਗ ਕੋਰੋਨਾ ਵੈਕਸੀਨ ਲਵਾ ਚੁੱਕੇ ਹਨ, ਉਥੇ ਹੀ ਸਿਵਲ ਹਸਪਤਾਲ 'ਚ ਕੋਰੋਨਾ ਵੈਕਸੀਨ ਲਵਾਉਣ ਵਾਲਿਆਂ ਦੀ ਭੀੜ ਲਗਾਤਾਰ ਵਧਣ ਨਾਲ ਅਨੁਸ਼ਾਸਨ ਭੰਗ ਹੋਣ ਲੱਗਾ ਹੈ। ਮੌਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮ ਵੀ ਹੱਥ ਖੜ੍ਹੇ ਕਰਨ ਲੱਗੇ ਹਨ। ਨੈੱਟਵਰਕ ਦੀ ਗਤੀ ਘੱਟ ਹੋਣ ਕਾਰਨ ਵੀ ਕੰਮ ਹੌਲ਼ੀ ਹੋਣ ਨਾਲ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਵਿਚ ਪੁੱਜੇ ਬਜ਼ੁਰਗ ਭੜਕ ਪਏ। ਭੀੜ ਜ਼ਿਆਦਾ ਹੋਣ ਕਾਰਨ ਦਾਖਲੇ ਵਾਲੇ ਦਰਵਾਜ਼ੇ ਨੂੰ ਵੀ ਨੁਕਸਾਨ ਪੁੱਜਾ। ਪਤਾ ਲੱਗਦਿਆਂ ਹੀ ਸਿਵਲ ਹਸਪਤਾਲ ਦੇ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਮਾਮਲਾ ਠੰਢਾ ਕੀਤਾ।

ਕੰਪਿਊਟਰ ਆਪ੍ਰਰੇਟਰਾਂ ਦੀ ਘਾਟ ਰੜਕਣ ਲੱਗੀ

ਜਲੰਧਰ : ਵੈਕਸੀਨ ਲਾਉਣ ਦੀ ਪ੍ਰਕਿਰਿਆ ਸਿਰੇ ਚਾੜ੍ਹਨ ਲਈ ਕੰਪਿਊਟਰ ਆਪ੍ਰਰੇਟਰਾਂ ਦੀ ਅਹਿਮ ਭੂਮਿਕਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਕਾਲ 'ਚ ਸਿਹਤ ਵਿਭਾਗ 'ਚ ਤਾਇਨਾਤ ਕੀਤੇ ਗਏ ਕੰਪਿਊਟਰ ਅਧਿਆਪਕਾਂ ਦੀ ਤਾਇਨਾਤੀ ਕੀਤੀ ਸੀ। ਸਕੂਲ ਖੁੱਲ੍ਹਣ ਤੇ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਤੇ ਦਿਵਿਆਂਗਤਾ ਪ੍ਰਮਾਣ ਪੱਤਰ ਬਣਾਉਣ ਦੀ ਪ੍ਰਕਿਰਿਆ 'ਚ ਤਾਇਨਾਤੀ ਕੀਤੀ ਗਈ। ਇਸ ਤੋਂ ਬਾਅਦ ਸਿਹਤ ਵਿਭਾਗਗ 'ਚ ਕੋਰੋਨਾ ਵੈਕਸੀਨ ਲਾਉਣ ਲਈ ਕੰਪਿਊਟਰ 'ਤੇ ਰਜਿਸਟ੍ਰੇਸ਼ਨ ਤੇ ਐਂਟਰੀ ਪਾਉਣ ਲਈ ਕੰਪਿਊਟਰ ਆਪ੍ਰਰੇਟਰਾਂ ਦੀ ਘਾਟ ਰੜਕਣ ਲੱਗੀ ਹੈ। ਇਸ ਕਾਰਨ ਸਿਹਤ ਵਿਭਾਗ ਵੈਕਸੀਨ ਲਾਉਣ ਲਈ ਸਰਕਾਰੀ ਸੈਂਟਰਾਂ ਦੀ ਗਿਣਤੀ ਵਧਾਉਣ ਤੋਂ ਕੰਨੀ ਕਤਰਾਉਣ ਲੱਗਾ ਹੈ। ਸਿਵਲ ਸਰਜਨ ਡਾ. ਬਲਵੰਤ ਸਿੰਘ ਦਾ ਕਹਿਣਾ ਹੈ ਕਿ ਇਸ ਗੱਲ ਦੀ ਉਨ੍ਹਾਂ ਸੂਚਨਾ ਮਿਲੀ ਹੈ। ਉਨ੍ਹਾਂ ਮਾਮਲਾ ਡਿਪਟੀ ਕਮਿਸ਼ਨਰ ਸਾਹਮਣੇ ਰੱਖਣ ਦੀ ਗੱਲ ਕਹੀ ਹੈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ਿਲ੍ਹੇ ਭਰ ਦੇ ਸਰਕਾਰੀ ਤੇ ਗੈਰ-ਸਰਕਾਰੀ 24 ਸੈਂਟਰਾਂ 'ਚ 1972 ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗੀ। ਇਨ੍ਹਾਂ ਵਿਚੋਂ ਗੰਭੀਰ ਬਿਮਾਰੀਆਂ ਨਾਲ ਪੀੜਤ 45 ਤੇ 59 ਸਾਲ ਉਮਰ ਵਰਗ ਦੇ 157 ਤੇ 60 ਸਾਲ ਤੋਂ ਵੱਧ ਉਮਰ ਵਰਗ ਦੇ 1036 ਬਜ਼ੁਰਗ ਸ਼ਾਮਲ ਹਨ।