ਜੇਐੱਨਐੱਨ, ਜਲੰਧਰ : ਪੰਜਾਬ 'ਚ ਮੁੜ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗੇ ਹਨ। ਦੋ ਦਿਨਾਂ 'ਚ ਹੀ 446 ਕੇਸ ਆਏ ਹਨ ਤੇ 11 ਲੋਕਾਂ ਦੀ ਮੌਤ ਹੋ ਗਈ। ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਲਗਾਤਾਰ ਕੋਰੋਨਾ ਇਨਫੈਕਟਿਡ ਹੋ ਰਹੇ ਹਨ। ਬੁੱਧਵਾਰ ਨੂੰ 11 ਪੀਸੀਐੱਸ ਅਧਿਕਾਰੀਆਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਵੀਰਵਾਰ ਨੂੰ ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਜਲੰਧਰ ਦੇਹਾਤੀ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਤੇ ਸ਼ਾਹਕੋਟ ਦੇ ਐੱਸਡੀਐੱਮ ਡਾ. ਸੰਜੀਵ ਕੁਮਾਰ ਸ਼ਰਮਾ, ਪਾਇਲ (ਲੁਧਿਆਣਾ) ਦੇ ਐੱਸਡੀਏ ਮਨਕਵਲ ਸਿੰਘ ਚਾਹਲ ਤੇ ਦਿੜਬਾ (ਸੰਗਰੂਰ) ਦੇ ਐੱਸਡੀਐੱਮ ਮਨਜੀਤ ਸਿਘ ਚੀਮਾ ਸਮੇਤ 240 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਸੱਤ ਮਰੀਜ਼ਾਂ ਨੇ ਦਮ ਤੋੜ ਦਿੱਤਾ ਜਦਕਿ 117 ਮਰੀਜ਼ ਸਿਹਤਯਾਬ ਹੋਏ। ਸੂਬੇ 'ਚ ਮਰਨ ਵਾਲਿਆਂ ਦੀ ਕੁਲ ਗਿਣਤੀ 186 ਹੋ ਗਈ ਹੈ। ਕੁਲ ਪੀੜਤਾਂ ਦੀ ਗਿਣਤੀ 7221 ਹੋ ਗਈ ਹੈ ਜਦਕਿ 4945 ਲੋਕ ਸਿਹਤਯਾਬ ਹੋਏ ਹਨ।

ਵੀਰਵਾਰ ਨੂੰ ਲੁਧਿਆਣੇ 'ਚ ਸਭ ਤੋਂ ਜ਼ਿਆਦਾ 52 ਕੇਸ ਆਏ ਤੇ ਇਕ ਵਿਅਕਤੀ ਦੀ ਮੌਤ ਹੋ ਗਈ। ਫ਼ਤਹਿਗੜ੍ਹ ਸਾਹਿਬ 'ਚ 56 ਸਾਲਾ ਔਰਤ, ਸੰਗਰੂਰ 'ਚ 59 ਸਾਲਾ ਮਰਦ, ਗੁਰਦਾਸਪੁਰ 'ਚ ਡੇਰਾ ਬਾਬਾ ਨਾਨਕ ਖੇਤਰ ਦੇ 40 ਸਾਲਾ ਤੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ 'ਚ 54 ਸਾਲਾ ਵਿਅਕਤੀ ਦੀ ਮੌਤ ਹੋ ਗਈ।

ਪਟਿਆਲੇ 'ਚ 41 ਨਵੇਂ ਕੇਸ ਆਏ। ਇਨ੍ਹਾਂ 'ਚ ਇਕ ਉਪ ਜ਼ਿਲ੍ਹਾ ਸਿੱਖਿਆ ਅਫਸਰ, ਐਕਸਾਈਜ਼ ਵਿਭਾਗ ਦਾ ਮੁਲਾਜ਼ਮ, ਮੈਡੀਕਲ ਕਾਲਜ ਦੇ ਦੋ ਵਿਦਿਆਰਥੀ, ਚਾਰ ਗਰਭਵਤੀ ਔਰਤਾਂ ਦੇ ਦੋ ਕੈਦੀ ਸ਼ਾਮਲ ਹਨ। ਜਲੰਧਰ 'ਚ 38 ਕੇਸ ਆਉਣ ਦੇ ਨਾਲ ਹੀ 67 ਸਾਲਾ ਵਿਅਕਤੀ ਦੀ ਮੌਤ ਹੋ ਗਈ। ਅੰਮ੍ਰਿਤਸਰ ਵਿਚ ਵੀ ਇਕ ਵਿਅਕਤੀ ਦੀ ਮੌਤ ਹੋ ਗਈ। ਸੰਗਰੂਰ ਵਿਚ 27 ਕੇਸ ਆਏ ਜਿਨ੍ਹਾਂ ਵਿਚ ਇਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ। ਫਿਰੋਜ਼ਪੁਰ 'ਚ 11 ਪਾਜ਼ੇਟਿਵ ਕੇਸ ਆਏ ਜਿਨ੍ਹਾਂ 'ਚ ਅੱਠ ਬੀਐੱਸਐਫ ਦੇ ਜਵਾਨ ਸ਼ਾਮਲ ਹਨ।

ਕਪੂਰਥਲਾ ਦੀ ਡੀਸੀ, ਦੋਵੇਂ ਏਡੀਸੀ ਤੇ ਸਟਾਫ ਹੋਮ ਕੁਆਰੰਟਾਈਨ ਹਨ। ਇਹ ਕੋਰੋਨਾ ਪਾਜ਼ੇਟਿਵ ਪਾਏ ਗਏ ਫਗਵਾੜੇ ਦੇ ਐੱਸਡੀਐੱਮ ਨਾਲ ਮੀਟਿੰਗ 'ਚ ਸ਼ਾਮਲ ਹੋਏ ਸਨ। ਅੰਮ੍ਰਿਤਸਰ 'ਚ 12, ਮੋਹਾਲੀ 'ਚ ਨੌਂ, ਫ਼ਤਹਿਗੜ੍ਹ ਸਾਹਿਬ ਤੇ ਤਰਨਤਾਰਨ 'ਚ ਅੱਠ-ਅੱਠ, ਬਠਿੰਡਾ, ਨਵਾਂਸ਼ਹਿਰ ਤੇ ਗੁਰਦਾਸਪੁਰ ਵਿਚ ਸੱਤ-ਸੱਤ, ਰੂਪਨਗਰ ਵਿਚ ਪੰਜ, ਕਪੂਰਥਲੇ ਵਿਚ ਚਾਰ, ਮਾਨਸੇ 'ਚ ਦੋ, ਫ਼ਰੀਦਕੋਟ ਤੇ ਹੁਸ਼ਿਆਰਪੁਰ ਵਿਚ ਇਕ-ਇਕ ਨਵੇਂ ਕੇਸ ਸਾਹਮਣੇ ਆਇਆ।


ਇਕ ਹਫ਼ਤੇ 'ਚ 32 ਮੌਤਾਂ, 1256 ਪਾਜ਼ੇਟਿਵ

ਸੂਬੇ ਵਿਚ ਇਕ ਹਫ਼ਤੇ ਵਿਚ 32 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ ਜਦਕਿ 1256 ਲੋਕ ਇਨਫੈਕਟਿਡ ਹੋ ਚੁੱਕੇ ਹਨ। ਇਸ ਨਾਲ ਸਰਕਾਰ ਦੀ ਚਿੰਤਾ ਵਧਦੀ ਜਾ ਰਹੀ ਹੈ।


ਕੋਰੋਨਾ ਮੀਟਰ

ਕੁਲ ਸਰਗਰਮ ਕੇਸ 2090

24 ਘੰਟੇ 'ਚ ਨਵੇਂ ਕੇਸ 240

ਕੁਲ ਸਿਹਤਯਾਬ ਹੋਏ 4945

24 ਘੰਟੇ 'ਚ ਸਿਹਤਯਾਬ 117

ਕੁਲ ਮੌਤਾਂ/ ਦਸ ਲੱਖ 'ਤੇ 186/6.64

24 ਘੰਟੇ 'ਚ ਕੁਲ ਮੌਤਾਂ 07

ਕੁਲ ਟੈਸਟ/ ਦਸ ਲੱਖ 'ਤੇ 3,69,425/131933

ਕੁਲ ਇਨਫੈਕਟਿਡ 7221ਤਰੀਕ---ਮੌਤਾਂ---ਪਾਜ਼ੇਟਿਵ

ਤਿੰਨ ਜੁਲਾਈ---4---128

ਚਾਰ ਜੁਲਾਈ---6---188

ਪੰਜ ਜੁਲਾਈ--4--188

ਛੇ ਜੁਲਾਈ---4---198

ਸੱਤ ਜੁਲਾਈ---3--108

ਅੱਠ ਜੁਲਾਈ--4--206

ਨੌਂ ਜੁਲਾਈ---7---240

Posted By: Jagjit Singh