ਜ.ਸ., ਜਲੰਧਰ : ਸ਼ੁੱਕਰਵਾਰ ਨੂੰ ਪੂਰਾ ਦਿਨ ਰੁਕ-ਰੁਕ ਕੇ ਚਾਰ ਵਾਰ ਮੀਂਹ ਪਿਆ। ਇਸ ਕਾਰਨ ਪੂਰਾ ਦਿਨ ਮੌਸਮ ਵੀ ਠੰਢਾ ਰਿਹਾ, ਜਦਕਿ ਰਾਤ ਵੇਲੇ ਠੰਢ ਮਹਿਸੂਸ ਹੋਈ। ਸ਼ਹਿਰ ਦੇ ਅੰਦਰੂਨੀ ਹਿੱਸਿਆਂ 'ਚ ਹਾਲਾਂਕਿ ਹਲਕਾ ਮੀਂਹ ਪਿਆ ਪਰ ਪੇਂਡੂ ਇਲਾਕਿਆਂ 'ਚ ਮੀਂਹ ਦਾ ਚੰਗਾ ਖਾਸਾ ਅਸਰ ਦਿਖਾਈ ਦਿੱਤਾ। ਇਸ ਕਾਰਨ ਮੌਸਮ ਵਿਭਾਗ ਵੱਲੋਂ 24 ਐੱਮਐੱਮ ਮੀਂਹ ਰਿਕਾਰਡ ਕੀਤਾ ਗਿਆ। ਉਥੇ ਵੱਧ ਤੋਂ ਵੱਧ ਤਾਪਮਾਨ 33.2 ਡਿਗਰੀ ਤੇ ਘੱਟੋ-ਘੱਟ ਤਾਪਮਾਨ 22.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੀਰਵਾਰ ਨੂੰ ਵੀ ਵੱਧ ਤੋਂ ਵੱਧ ਤਾਪਮਾਨ 33.2 ਡਿਗਰੀ ਤੇ ਘੱਟੋ-ਘੱਟ ਤਾਪਮਾਨ 23.2 ਡਿਗਰੀ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦੋ ਦਿਨਾਂ 'ਚ ਵੀ ਇਸ ਤਰ੍ਹਾਂ ਦਾ ਮੌਸਮ ਬਰਕਰਾਰ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਤੋਂ ਬਾਅਦ ਦੋ ਦਿਨ ਆਂਸ਼ਿਕ ਤੌਰ 'ਤੇ ਬੱਦਲ ਛਾਏ ਰਹਿਣਗੇ।