ਜੇਐੱਨਐੱਨ, ਜਲੰਧਰ : ਚੋਣ ਡਿਊਟੀ ਤੋਂ ਬਚਣ ਤੇ ਕਾਰਵਾਈ ਦੀ ਚਿਤਾਵਨੀ ਦੇ ਬਾਵਜੂਦ ਮੁਲਾਜ਼ਮਾਂ ਦਾ ਰਵੱਈਆ ਸੁਧਰ ਨਹੀਂ ਰਿਹਾ ਹੈ। ਚੋਣ ਮੁਲਾਜ਼ਮਾਂ ਦੀ ਐਤਵਾਰ ਨੂੰ ਹੋਈ ਰਿਹਰਸਲ 'ਚੋਂ 230 ਮੁਲਾਜ਼ਮ ਗ਼ੈਰ ਹਾਜ਼ਰ ਰਹੇ, ਜਿਨ੍ਹਾਂ ਨੂੰ ਨੋਟਿਸ ਜਾਰੀ ਕਰ ਕੇ ਦੋ ਦਿਨ 'ਚ ਜਵਾਬ ਤਲਬੀ ਕਰ ਲਈ ਗਈ ਹੈ। ਇਹ ਪਹਿਲਾ ਮੌਕਾ ਨਹੀਂ ਹੈ ਕਿਉਂਕਿ ਇਸ ਤੋਂ ਪਹਿਲਾਂ ਦੀ ਰਿਹਰਸਲ 'ਚ 447 ਅਤੇ ਦੂਜੀ 'ਚ 267 ਮੁਲਾਜ਼ਮ ਗ਼ੈਰ ਹਾਜ਼ਰ ਸਨ। ਪ੍ਰਸ਼ਾਸਨ ਵੱਲੋਂ ਮਹਿਜ਼ ਨੋਟਿਸ ਜਾਰੀ ਕਰਨ ਦੀ ਖ਼ਾਨਾਪੂਰਤੀ ਨੂੰ ਦੇਖਦਿਆਂ ਮੁਲਾਜ਼ਮ ਚੋਣ ਡਿਊਟੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਇਹ ਹਾਲਾਤ ਉਦੋਂ ਹਨ ਜਦੋਂ ਚੋਣ ਕਮਿਸ਼ਨ ਦੇ ਭੇਜੇ ਗਏ ਆਬਜ਼ਰਵਰ ਇਥੇ ਕਈ ਦਿਨ ਪਹਿਲਾਂ ਪੁੱਜ ਚੁੱਕੇ ਹਨ ਅਤੇ ਜ਼ਿਲ੍ਹਾ ਚੋਣ ਅਫਸਰ ਡੀਸੀ ਵਰਿੰਦਰ ਸ਼ਰਮਾ ਨੇ ਮੁਲਾਜ਼ਮਾਂ ਨੂੰ ਕਾਰਵਾਈ ਦੀ ਚਿਤਾਵਨੀ ਨਾਲ ਵੀਡੀਓ ਜਾਰੀ ਕਰ ਕੇ ਮੁਲਾਜ਼ਮਾਂ ਨੂੰ ਚੋਣ ਡਿਊਟੀ ਕਰਨ ਦੀ ਅਪੀਲ ਕੀਤੀ ਸੀ। ਹਾਲਾਂਕਿ ਕਾਰਵਾਈ ਦੇ ਨਾਂ ਅਫਸਰਾਂ ਦੀ ਸਿਰਫ ਨੋਟਿਸ ਦੀ ਖਾਨਾਪੂਰਤੀ ਨੂੰ ਦੇਖਦਿਆਂ ਮੁਲਾਜ਼ਮ ਹੁਣ ਜ਼ਿੱਦੀ ਰਵੱਈਆ ਅਪਨਾ ਰਹੇ ਹਨ।

ਅਫਸਰ ਚਾਹੁਣ ਤਾਂ ਹੀ ਕਾਰਵਾਈ

ਜੇ ਅਫਸਰ ਚਾਹੁਣ ਤਾਂ ਮੁਲਾਜ਼ਮਾਂ ਦਾ ਚੋਣ ਡਿਊਟੀ ਤੋਂ ਗ਼ੈਰ ਹਾਜ਼ਰ ਰਹਿਣਾ ਮੁਸੀਬਤ ਬਣ ਸਕਦਾ ਹੈ। ਅਜਿਹੇ ਮੁਲਾਜ਼ਮਾਂ 'ਤੇ ਚੋਣ ਕਾਨੂੰਨ ਦੇ ਨਾਲ-ਨਾਲ ਵਿਭਾਗੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ, ਜਿਸ 'ਚ ਉਨ੍ਹਾਂ ਖ਼ਿਲਾਫ਼ ਕੇਸ ਦਰਜ ਹੋਣ ਦੇ ਨਾਲ ਸਜ਼ਾ ਤੇ ਨੌਕਰੀਓਂ ਮੁਅੱਤਲ ਜਾਂ ਬਰਖ਼ਾਸਤ ਤਕ ਦੀ ਕਾਰਵਾਈ ਕੀਤੀ ਜਾ ਸਕਦੀ ਹੈ।

ਫਿਲੌਰ ਦੇ ਸਭ ਤੋਂ ਜ਼ਿਆਦਾ, ਕੇਂਦਰੀ ਦੇ ਸਭ ਹਾਜ਼ਰ

ਚੋਣ ਮੁਲਾਜ਼ਮਾਂ ਦੇ ਗ਼ੈਰ ਹਾਜ਼ਰ ਰਹਿਣ 'ਚ ਫਿਲੌਰ ਵਿਧਾਨ ਸਭਾ ਇਲਾਕਾ ਅੱਵਲ ਹੈ, ਜਦਕਿ ਜਲੰਧਰ ਕੇਂਦਰੀ ਦੇ ਸਾਰੇ ਮੁਲਾਜ਼ਮ ਇਸ ਰਿਹਰਸਲ 'ਚ ਹਾਜ਼ਰ ਸਨ।

ਫਿਲੌਰ 52

ਨਕੋਦਰ 38

ਸ਼ਾਹਕੋਟ 40

ਕਰਤਾਰਪੁਰ 12

ਜਲੰਧਰ ਪੱਛਮੀ 16

ਜਲੰਧਰ ਉੱਤਰੀ 17

ਜਲੰਧਰ ਛਾਉਣੀ 25

ਆਦਮਪੁਰ 30