ਜਤਿੰਦਰ ਪੰਮੀ, ਜਲੰਧਰ

ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਮਹਾਮਾਰੀ ਦੀ ਲੜੀ ਟੁੱਟਣ ਦਾ ਨਾਮ ਨਹੀਂ ਲੈ ਰਹੀ। ਮੰਗਲਵਾਰ ਨੂੰ ਸਿਵਲ ਹਸਪਤਾਲ ਦੀ ਨਰਸ ਤੇ ਐੱਨਆਰਆਈ ਸਮੇਤ 23 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 936 ਅਤੇ ਮਰਨ ਵਾਲਿਆਂ ਦੀ ਗਿਣਤੀ 22 ਤਕ ਪੁੱਜ ਚੁੱਕੀ ਹੈ। ਸਿਹਤ ਵਿਭਾਗ ਨੇ ਸਟਾਫ ਦੇ ਸੈਂਪਲਾਂ ਦੀ ਗਿਣਤੀ ਵਧਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਉਥੇ ਹੀ ਅੱਜ ਸਿਵਲ ਹਸਪਤਾਲ ਤੇ ਕੋਵਿਡ ਕੇਅਰ ਸੈਂਟਰ ਤੋਂ 43 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ 'ਚ ਆਈਸੋਲੇਟ ਕੀਤਾ ਗਿਆ ਹੈ। ਸਿਵਲ ਹਸਪਤਾਲ ਦੇ ਮੇਲ ਸਰਜੀਕਲ ਵਾਰਡ 'ਚ ਤਾਇਨਾਤ ਸਟਾਫ ਨਰਸ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਨ ਦੌਰਾਨ ਸੰਪਰਕ 'ਚ ਆਉਣ ਕਾਰਨ ਵਾਇਰਸ ਦੀ ਲਪੇਟ 'ਚ ਆ ਗਈ। ਉਥੇ ਹੀ ਦੁਬਈ ਤੋਂ ਆਏ ਭੋਗਪੁਰ ਵਾਸੀ ਐੱਨਆਰਆਈ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਥੇ ਹੀ ਮਖਦੂਮਪੁਰਾ 'ਚ ਬਿਊਟੀ ਪਾਰਲਰ ਚਲਾਉਣ ਵਾਲੀ ਅੌਰਤ ਦੇ ਸੰਪਰਕ 'ਚ ਆਉਣ ਕਾਰਨ ਮੰਗਲਵਾਰ ਨੂੰ ਵੀ ਦੋ ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਜੋਗਿੰਦਰ ਨਗਰ ਤੇ ਈਸਾ ਨਗਰ 'ਚ ਰਹਿਣ ਵਾਲੇ ਮਰੀਜ਼ ਵੀ ਪੁਰਾਣੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚੋਂ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ 22 ਮਰੀਜ਼ਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ ਗੁਰਦਾਸਪੁਰ, ਮੁਕੇਰੀਆਂ ਤੇ ਲੁਧਿਆਣਾ ਦਾ ਇਕ-ਇਕ ਮਰੀਜ਼ ਸ਼ਾਮਲ ਹੈ। ਜ਼ਿਲ੍ਹੇ ਦੇ ਖਾਤੇ 'ਚ 19 ਮਰੀਜ਼ਾਂ ਦੇ ਨਾਲ ਕੁੱਲ ਅੰਕੜਾ 936 'ਤੇ ਪੁੱਜ ਗਿਆ ਹੈ। ਕੋਰੋਨਾ ਨਾਲ ਹੁਣ ਤਕ ਜ਼ਿਲ੍ਹੇ ਦੇ 22 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮੰਗਲਵਾਰ ਨੂੰ 617 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਭੇਜੇ ਗਏ। ਹੁਣ ਤਕ 26256 ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਦੋਂਕਿ ਇਨ੍ਹਾਂ ਵਿਚੋਂ 23702 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। 43 ਮਰੀਜ਼ਾਂ ਨੂੰ ਹਸਪਤਾਲੋਂ ਛੁੱਟੀ ਦੇ ਘਰੇ ਆਈਸੋਲੇਟ ਕਰਨ ਲਈ ਭੇਜਿਆ ਜਾ ਚੁੱਕਾ ਹੈ।

ਕੰਟੇਨਮੈਂਟ ਜ਼ੋਨ 'ਚ ਬੱਚੇ ਦੀ ਮੌਤ ਤੋਂ ਬਾਅਦ ਦਹਿਸ਼ਤ, ਮਾਂ ਲਾਸ਼ ਲੈ ਕੇ ਭਟਕਦੀ ਰਹੀ

ਮੰਗਲਵਾਰ ਨੂੰ ਕੰਟੇਨਮੈਂਟ ਜ਼ੋਨ ਮਖਦੂਮਪੁਰਾ 'ਚ ਚਾਰ ਸਾਲਾ ਬੱਚੇ ਦੀ ਮੌਤ ਤੋਂ ਬਾਅਦ ਮੁਹੱਲਾ ਵਿਚ ਦਹਿਸ਼ਤ ਫੈਲ ਗਈ। ਮਾਂ ਬੱਚੇ ਨੂੰ ਗੋਦ 'ਚ ਲੈ ਕੇ ਐਂਬੂਲੈਂਸ ਰਾਹੀਂ ਹਸਪਤਾਲ ਪੁੱਜੀ ਤਾਂ ਡਾਕਟਰਾਂ ਨੇ ਬੱਚੇ ਨੂੰ ਮਿ੍ਤਕ ਐਲਾਨ ਦਿੱਤਾ। ਇਸ ਤੋਂ ਬਾਅਦ ਮਾਂ ਮਿ੍ਤਕ ਬੱਚੇ ਨੂੰ ਲੈ ਕੇ ਕਦੇ ਸਿਵਲ ਹਸਪਤਾਲ ਤੇ ਕਦੇ ਮਖਦੂਮਪੁਰਾ 'ਚ ਖੱਜਲ-ਖੁਆਰ ਹੁੰਦੀ ਰਹੀ। ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਮਖਦੂਮਪੁਰਾ ਵਾਸੀ ਸੁਨੀਤਾ ਦੇ ਚਾਰਾ ਸਾਲਾ ਬੱਚੇ ਦੀ ਮੌਤ ਹੋ ਗਈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਬੱਚਾ ਪਿਛਲੇ ਤਿੰਨ-ਚਾਰ ਮਹੀਨੇ ਤੋਂ ਬਿਮਾਰ ਸੀ। ਉਸ ਨੂੰ ਪੀਲੀਆ ਵੀ ਸੀ। ਬੱਚੇ ਦੇ ਮਾਤਾ-ਪਿਤਾ ਮਜ਼ਦੂਰੀ ਕਰਦੇ ਹਨ। ਇਲਾਕੇ 'ਚ 19 ਮਰੀਜ਼ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਪਹਿਲਾਂ ਹੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਟੀਮਾਂ ਸਰਵੇ ਕਰ ਰਹੀਆਂ ਸਨ ਅਤੇ ਬੱਚੇ ਦੀ ਸਿਹਤ ਜ਼ਿਆਦਾ ਖਰਾਬ ਹੋਣ 'ਤੇ ਸਿਹਤ ਵਿਭਾਗ ਦੀ ਟੀਮ ਨੇ ਬੱਚੇ ਤੇ ਉਸ ਦੀ ਮਾਂ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ। ਈਐੱਸਆਈ ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਬੱਚੇ ਨੂੰ ਮਿ੍ਤਕ ਐਲਾਨ ਦਿੱਤਾ ਅਤੇ ਉਸ ਨੂੰ ਕੋਰੋਨਾ ਦਾ ਸੈਂਪਲ ਦੇਣ ਲਈ ਸਿਵਲ ਹਸਪਤਾਲ ਭੇਜ ਦਿੱਤਾ। ਸੁਨੀਤਾ ਮਿ੍ਤਕ ਬੱਚੇ ਨੂੰ ਗੋਦ 'ਚ ਲੈ ਕੇ ਏਧਰ-ਓਧਰ ਭਟਕਦੀ ਰਹੀ ਪਰ ਕਿਸੇ ਨੇ ਵੀ ਉਸ ਦੀ ਸਾਰ ਨਹੀਂ ਲਈ। ਅਖੀਰ ਥੱਕ ਹਾਰ ਕੇ ਸੁਨੀਤਾ ਬੱਚੇ ਨੂੰ ਗੋਦੀ 'ਚ ਲੈ ਕੇ ਮਖਦੂਮਪੁਰਾ ਆਪਣੇ ਘਰ ਪੁੱਜੀ ਤਾਂ ਸਿਹਤ ਵਿਭਾਗ ਨੇ ਉਸ ਨੂੰ ਲਿਆਉਣ ਲਈ ਦੁਬਾਰਾ ਐਂਬੂਲੈਂਸ ਭੇਜੀ। ਬੱਚੇ ਦੀ ਲਾਸ਼ ਮੁੜ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਲਿਆਂਦੀ, ਜਿਥੋਂ ਲਾਸ਼ ਪੂਰੀ ਤਰ੍ਹਾਂ ਪੈਕ ਕਰਕੇ ਪਰਿਵਾਰ ਹਵਾਲੇ ਕੀਤੀ ਗਈ। ਇਸ ਤੋਂ ਬਾਅਦ ਸਸਕਾਰ ਕਰਨ ਵੇਲੇ ਬੱਚੇ ਦਾ ਪਿਤਾ ਮੌਕੇ 'ਤੇ ਨਾ ਹੋਣ ਕਾਰਨ ਲਾਸ਼ ਨੂੰ ਫਿਰ ਹਸਪਤਾਲ ਪਹੁੰਚਾਇਆ ਗਿਆ। ਦੇਰ ਸ਼ਾਮ ਇਲਾਕਾ ਵਾਸੀਆਂ ਤੇ ਪਰਿਵਾਰ ਨੇ ਬੱਚੇ ਦੀ ਲਾਸ਼ ਮੁਰਦਾਘਰ ਵਿਚੋਂ ਲੈ ਕੇ ਉਸ ਦਾ ਅੰਤਮ ਸੰਸਕਾਰ ਕਰਵਾਇਆ। ਸਿਵਲ ਹਸਪਤਾਲ ਦਾ ਮੈਡੀਕਲ ਸੁਪਰਡੈਂਟ ਡਾ. ਹਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਮਿ੍ਤਕ ਦੀ ਕੋਰੋਨਾ ਜਾਂਚ ਕਰਨ ਲਈ ਸੈਂਪਲ ਨਹੀਂ ਲਏ ਜਾਂਦੇ। ਬੱਚੇ 'ਚ ਖ਼ੂਨ ਦੀ ਘਾਟ ਸੀ ਅਤੇ ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਮਰ ਚੁੱਕਾ ਸੀ। ਬੱਚੇ ਦੀ ਮਾਂ ਬਿਨਾਂ ਇਜਾਜ਼ਤ ਦੇ ਲਾਸ਼ ਘਰ ਲੈ ਗਈ ਸੀ ਅਤੇ ਦੁਬਾਰਾ ਐਂਬੂਲੈਂਸ ਭੇਜ ਕੇ ਲਾਸ਼ ਮੰਗਵਾ ਕੇ ਪੈਕ ਕਰਕੇ ਸੌਂਪੀ ਗਈ।