ਜਤਿੰਦਰ ਪੰਮੀ, ਜਲੰਧਰ : ਸ਼ੁੱਕਰਵਾਰ ਨੂੰ ਕੋਰੋਨਾ ਨੇ ਮਹਾਨਗਰ ਦੇ ਵਕੀਲ ਜੋੜੇ ਤੋਂ ਇਲਾਵਾ ਇਕੋ ਘਰ 'ਚ ਰਹਿਣ ਵਾਲੇ ਸੱਤ ਮੈਂਬਰਾਂ ਨੂੰ ਨਿਸ਼ਾਨਾ ਬਣਾਉਂਦਿਆਂ 22 ਵਿਅਕਤੀਆਂ ਨੂੰ ਲਪੇਟ 'ਚ ਲਿਆ। ਅੱਜ ਆਈਆਂ ਰਿਪੋਰਟਾਂ ਵਿਚ ਸੰਜੇ ਗਾਂਧੀ ਨਗਰ ਵਿਚ ਇਕ ਹੀ ਘਰ ਦੇ ਸੱਤ ਮੈਂਬਰਾਂ ਨੂੰ ਕੋਰੋਨਾ ਹੋਣ ਤੋਂ ਬਾਅਦ ਇਲਾਕੇ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ 'ਚ ਬਦਲ ਦਿੱਤਾ ਗਿਆ ਹੈ। ਮਰੀਜ਼ਾਂ ਵਿਚ ਪੰਜ ਬੱਚੇ, ਇਕ ਫੌਜੀ, ਗਰਭਵਤੀ ਅੌਰਤ ਤੇ ਪੁਲਿਸ ਹਿਰਾਸਤ 'ਚ ਵਿਅਕਤੀ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਪੌਣੇ ਅੱਠ ਦੇ ਕਰੀਬ ਪਹੁੰਚ ਗਈ ਹੈ ਜਦੋਂਕਿ ਮਰਨ ਵਾਲਿਆਂ ਦੀ ਗਿਣਤੀ 22 ਹੋ ਚੁੱਕੀ ਹੈ। ਓਧਰ 26 ਮਰੀਜ਼ਾਂ ਨੂੰ ਹਸਪਤਾਲੋਂ ਛੁੱਟੀ ਦੇ ਕੇ ਘਰ 'ਚ ਆਈਸੋਲੇਟ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਵਿਚ ਸ਼ਹਿਰ ਦਾ ਮਸ਼ਹੂਰ ਵਕੀਲ ਮਨਦੀਪ ਸਚਦੇਵਾ ਤੇ ਉਸ ਦੀ ਪਤਨੀ ਸਮਰਤਾ ਸਚਦੇਵਾ ਸ਼ਾਮਲ ਹਨ। ਵਕੀਲ ਜੋੜੇ ਨੂੰ ਘਰੇ ਹੀ ਆਈਸੋਲੇਟ ਕੀਤਾ ਗਿਆ ਹੈ ਜਦੋਂਕਿ ਉਨ੍ਹਾਂ ਦੀਆਂ ਦੋਵਾਂ ਧੀਆਂ ਨੂੰ ਵੱਖਰੇ ਰੱਖਿਆ ਗਿਆ ਹੈ। ਅਟਵਾਲ ਕਾਲੋਨੀ ਵਾਸੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਮਨਦੀਪ ਸਿੰਘ ਸਚਦੇਵਾ ਨੇ ਦੱਸਿਆ ਕਿ 29 ਜੂਨ ਨੂੰ ਉਨ੍ਹਾਂ ਨੂੰ ਬੁਖਾਰ ਹੋਇਆ ਸੀ। ਦਵਾਈ ਖਾਧੀ ਤਾਂ ਬੁਖਾਰ ਉਤਰ ਗਿਆ। ਇਸ ਦੌਰਾਨ ਉਨ੍ਹਾਂ ਨੇ ਪਰਫਿਊਮ ਲਾਇਆ ਪਰ ਉਨ੍ਹਾਂ ਦੀ ਪਤਨੀ ਖੁਸ਼ਬੂ ਨਹੀਂ ਆਈ। ਉਨ੍ਹਾਂ ਨੂੰ ਸ਼ੱਕ ਪਿਆ ਕਿਉਂਕਿ ਉਨ੍ਹਾਂ ਦੇ ਇੰਗਲੈਂਡ ਰਹਿੰਦੇ ਰਿਸ਼ਤੇਦਾਰ ਨੂੰ ਵੀ ਕੋਰੋਨਾ ਹੋਣ 'ਤੇ ਖੁਸ਼ਬੂ ਆਉਣੀ ਬੰਦ ਹੋ ਗਈ ਸੀ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਟੈਸਟ ਕਰਵਾਇਆ ਤਾਂ ਅੱਜ ਆਈ ਰਿਪੋਰਟ ਵਿਚ ਕੋਰੋਨਾ ਹੋਣ ਦੀ ਪੁਸ਼ਟੀ ਹੋਈ। ਉਨ੍ਹਾਂ ਦੱਸਿਆ ਕਿ ਉਹ ਤੇ ਉਨ੍ਹਾਂ ਦੀ ਪਤਨੀ ਸਰੀਰਕ ਤੌਰ 'ਤੇ ਬਿਲਕੁਲ ਤੰਦਰੁਸਤ ਹਨ। ਉਨ੍ਹਾਂ ਨੂੰ ਕਿਸੇ ਮੁਵੱਕਲ ਤੋਂ ਵਾਇਰਸ ਹੋਣ ਦਾ ਸ਼ੱਕ ਹੈ। ਉਥੇ ਹੀ ਅੰਮਿ੍ਤਸਰ ਬਾਈਪਾਸ ਨੇੜੇ ਪੈਂਦੇ ਸੰਜੇ ਗਾਂਧੀ ਨਗਰ ਹਾਟ ਸਪਾਟ ਬਣ ਗਿਆ ਹੈ। ਉਥੋਂ ਪਿਛਲੇ ਦਿਨੀਂ ਕੋਰੋਨਾ ਪਾਜ਼ੇਟਿਵ ਆਏ ਮਰੀਜ਼ ਦੇ ਸੰਪਰਕ 'ਚ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਉਸ ਦੀ ਧੀ, ਪੁੱਤਰ, ਪਤਨੀ ਤੇ ਵਿਹੜੇ 'ਚ ਰਹਿਣ ਵਾਲੇ ਸੱਤ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮਰੀਜ਼ਾਂ 'ਚ ਥਾਣਾ ਨੰਬਰ ਦੋ ਵੱਲੋਂ ਫੜੇ ਗਏ ਹਵਾਲਾਤੀ, ਸਿਹਤ ਕੇਂਦਰ ਕਰਤਾਰਪੁਰ ਦੀ ਲੈਬ ਟੈਕਨੀਸ਼ੀਅਨ, ਗਰਭਵਤੀ ਅੌਰਤ ਤੇ ਫੌਜ ਦਾ ਜਵਾਨ ਸ਼ਾਮਲ ਹੈ। ਫੌਜ ਦਾ ਜਵਾਨ ਜਲੰਧਰ ਛਾਉਣੀ ਸਥਿਤ ਮਿਲਟਰੀ ਹਸਪਤਾਲ 'ਚ ਦਾਖਲ ਹੈ ਅਤੇ ਉਹ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਸ਼ੁੱਕਰਵਾਰ ਨੂੰ ਆਏ ਮਰੀਜ਼ਾਂ ਵਿਚ 15 ਸੰਪਰਕ ਵਾਲੇ ਤੇ 7 ਨਵੇਂ ਮਰੀਜ਼ ਸ਼ਾਮਲ ਹਨ, ਜਿਨ੍ਹਾਂ ਦੀ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਅੱਜ 22 ਮਰੀਜ਼ਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚ ਵਕੀਲ ਪਤੀ-ਪਤਨੀ ਤੋਂ ਇਲਾਵਾ ਸੰਜੇ ਗਾਂਧੀ ਨਗਰ ਦੇ ਇਕੋ ਘਰ ਦੇ ਸੱਤ ਮਰੀਜ਼ ਸ਼ਾਮਲ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 772 'ਤੇ ਪੁੱਜ ਗਿਆ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 22 ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ 457 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਭੇਜੇ ਗਏ। 376 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਪਾਏ ਗਏ ਹਨ ਤੇ 26 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜਿਆ ਗਿਆ ਹੈ, ਜਿਨ੍ਹਾਂ ਦੀ ਗਿਣਤੀ 367 ਹੋ ਗਈ ਹੈ। ਜ਼ਿਲ੍ਹੇ ਵਿਚ ਹੁਣ ਤਕ 24162 ਸੈਂਪਲ ਲਏ ਗਏ ਹਨ ਅਤੇ ਨੈਗੇਟਿਵ ਪਾਏ ਜਾਣ ਵਾਲਿਆਂ ਦੀ ਗਿਣਤੀ 22115 ਤਕ ਪੁੱਜ ਗਈ ਹੈ।

ਪਾਜ਼ੇਟਿਵ ਆਏ ਮਰੀਜ਼

ਬੱਚੇ 5

ਪੁਰਸ਼ 8

ਅੌਰਤਾਂ 9

ਸੰਜੇ ਗਾਂਧੀ ਨਗਰ 7

ਕਰਤਾਰਪੁਰ-2

ਸ਼ਹੀਦ ਬਾਬੂ ਲਾਭ ਸਿੰਘ ਨਗਰ-2

ਗੁਰੂ ਨਾਨਕ ਨਗਰ-2

ਲੈਦਰ ਕੰਪਲੈਕਸ-2

ਅਟਵਾਲ ਕਾਲੋਨੀ ਕੈਂਟ ਰੋਡ-2

ਠਾਕੁਰ ਕਾਲੋਨੀ-1

ਜੈਮਲ ਨਗਰ-1

ਅਜੀਤ ਨਗਰ-1

ਰੇਰੂ-1

ਤਰਨਤਾਰਨ-1