ਰਾਕੇਸ਼ ਗਾਂਧੀ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਰਾਜਨ ਨਗਰ 'ਚ ਸਥਿਤ ਸੋਨੂੰ ਬਰਤਨ ਸਟੋਰ ਨਾਂ ਦੀ ਦੁਕਾਨ ਤੇ ਛਾਪੇਮਾਰੀ ਕਰਦਿਆਂ ਉੱਥੋਂ ਸਿਲੰਡਰਾਂ 'ਚੋਂ ਗੈਸ ਚੋਰੀ ਕਰਨ ਵਾਲੇ ਯੰਤਰ, ਸਿਲੰਡਰ ਤੇ ਕੰਡਾ ਬਰਾਮਦ ਕੀਤਾ ਹੈ ਜਦਕਿ ਪੁਲਿਸ ਨੂੰ ਦੇਖਦਿਆਂ ਹੀ ਦੁਕਾਨਦਾਰ ਮੌਕੇ ਤੋਂ ਭੱਜ ਗਿਆ।

ਥਾਣਾ ਮੁਖੀ ਸਬ-ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰੀ ਮਿਲੀ ਸੀ ਕਿ ਰਾਜਨ ਨਗਰ 'ਚ ਸਥਿਤ ਸੋਨੂੰ ਬਰਤਨ ਸਟੋਰ ਨਾਂ ਦੀ ਦੁਕਾਨ ਦਾ ਮਾਲਕ ਅਨਿਲ ਕੁਮਾਰ ਉਰਫ ਸੋਨੂੰ ਵਾਸੀ ਪੰਨੂੰ ਵਿਹਾਰ ਬਸਤੀ ਪੀਰਦਾਦ ਆਪਣੀ ਦੁਕਾਨ 'ਤੇ ਸਿਲੰਡਰਾਂ 'ਚੋਂ ਗੈਸ ਚੋਰੀ ਕਰ ਕੇ ਖਾਲੀ ਸਿਲੰਡਰਾਂ 'ਚ ਭਰ ਕੇ ਲੋਕਾਂ ਨੂੰ ਚੂਨਾ ਲਾ ਰਿਹਾ ਹੈ। ਤੁਰੰਤ ਕਾਰਵਾਈ ਕਰਦਿਆਂ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਪੁਲਿਸ ਸਮੇਤ ਜਦੋਂ ਦੁਕਾਨ 'ਤੇ ਛਾਪੇਮਾਰੀ ਕੀਤੀ ਤਾਂ ਇਕ ਨੌਜਵਾਨ ਸਿਲੰਡਰਾ 'ਚੋਂ ਗੈਸ ਕੱਢ ਰਿਹਾ ਸੀ ਜੋ ਪੁਲਿਸ ਨੂੰ ਦੇਖਦਿਆਂ ਹੀ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਦੁਕਾਨ 'ਚੋਂ 20 ਵੱਡੇ ਸਿਲੰਡਰ, 2 ਛੋਟੇ, ਕੰਡਾ ਤੇ ਗੈਸ ਕੱਢਣ ਵਾਲੇ ਯੰਤਰ ਕਬਜ਼ੇ 'ਚ ਲੈ ਲਏ। ਪੁਲਿਸ ਨੇ ਦੁਕਾਨਦਾਰ ਅਨਿਲ ਕੁਮਾਰ ਉਰਫ ਸੋਨੂੰ ਖ਼ਿਲਾਫ਼ ਧਾਰਾ 7 ਈਸੀ ਐਕਟ/379/420 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ ਤੇ ਉਸ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਇਸ ਤੋਂ ਪਹਿਲਾਂ ਵੀ ਅੱਠ ਮਾਮਲੇ ਦਰਜ ਹਨ।