ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ

ਥਾਣਾ ਭੋਗਪੁਰ ਦੀ ਟੀਮ ਨੇ ਚੋਰੀ ਕੀਤੇ 3 ਮੋਟਰਸਾਈਕਲਾਂ, ਇਕ ਐਕਟਿਵਾ ਤੇ 13 ਮੋਬਾਈਲਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਰਾਮ ਪ੍ਰਕਾਸ਼ ਪੁਲਿਸ ਪਾਰਟੀ ਸਮੇਤ ਟੀ ਪੁਆਇੰਟ ਭੋਗਪੁਰ ਵਿਖੇ ਮੌਜੂਦ ਸਨ, ਜਿੱਥੇ ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਗੁਰਪ੍ਰਰੀਤ ਸਿੰਘ ਉਰਫ ਗੋਪੀ ਤੇ ਗੁਰਪ੍ਰਰੀਤ ਸਿੰਘ ਉਰਫ ਸੰਨੀ ਮਿਲ ਕੇ ਮੋਟਰਸਾਈਕਲ ਅਤੇ ਮੋਬਾਈਲ ਫੋਨ ਖੋਹਣ ਦੀਆਂ ਵਾਰਦਾਤਾਂ ਹਥਿਆਰਾਂ ਦੀ ਨੋਕ 'ਤੇ ਕਰਦੇ ਹਨ । ਉਕਤ ਦੋਵੇਂ ਨੌਜਵਾਨ ਚੋਰੀ ਕੀਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਿਨਪਾਲਕੇ ਤੋਂ ਹੁੰਦੇ ਹੋਏ ਸੱਧਾ ਚੱਕ ਤੋਂ ਜਲੰਧਰ ਨੂੰ ਬਿਨਾਂ ਨੰਬਰੀ ਹੀਰੋ ਹਾਂਡਾ ਮੋਟਰਸਾਈਕਲ ਜਲੰਧਰ ਵੇਚਣ ਜਾ ਰਹੇ ਹਨ ਅਤੇ ਸੱਧਾ ਚੱਕ ਕੋਲ ਨਾਕਾਬੰਦੀ ਕੀਤੀ ਜਾਵੇ ਤਾਂ ਦੋਵਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਏਐੱਸਆਈ ਰਾਮ ਪ੍ਰਕਾਸ਼ ਨੇ ਪੁਲਿਸ ਪਾਰਟੀ ਸਮੇਤ ਦੋਵਾਂ ਵਿਅਕਤੀਆਂ ਨੂੰ ਸੱਧਾ ਚੱਕ ਨਾਕੇ 'ਤੇ ਰੋਕ ਕੇ ਮੋਟਰਸਾਈਕਲ ਦੇ ਕਾਗਜ਼ ਤੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹ ਮੋਟਰਸਾਈਕਲ ਨੂੰ ਚਿੰਤਪੁਰਨੀ ਰੋਡ ਹੁਸ਼ਿਆਰਪੁਰ ਤੋਂ ਚੋਰੀ ਕਰ ਕੇ ਲਿਆਏ ਹਨ । ਪੁਲਿਸ ਪਾਰਟੀ ਨੇ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਕੇ ਮੁਕੱਦਮਾ ਦਰਜ ਕੀਤਾ ਗਿਆ ਤੇ ਅਦਾਲਤ ਵਿਚ ਪੇਸ਼ ਕਰ ਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿੱਥੇ ਉਹਨਾਂ 3 ਮੋਟਰਸਾਈਕਲ, 1 ਐਕਟਿਵਾ ਤੇ 13 ਮੋਬਾਈਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਕਬੂਲਿਆ ਹੈ ।