ਅਮਰਜੀਤ ਸਿੰਘ ਵੇਹਗਲ, ਜਲੰਧਰ :

ਥਾਣਾ ਡਵੀਜ਼ਨ 1 ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 3 ਪੇਟੀਆਂ ਨਾਜਾਇਜ਼ ਸ਼ਰਾਬ ਵਿਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਵੱਲੋਂ ਸੁਰਾਨੁੱਸੀ ਮੋੜ ਨੇੜੇ ਪੈਂਦੇ ਈਸਾ ਨਗਰ ਤੋਂ ਮੁਲਜ਼ਮ ਨੂੰ ਉਸ ਵੇਲੇ ਕਾਬੂ ਕੀਤਾ ਗਿਆ ਜਦ ਉਹ 2 ਪੇਟੀਆਂ ਨਾਜਾਇਜ਼ ਸ਼ਰਾਬ ਵੇਚਣ ਲਈ ਗਾਹਕ ਦੀ ਭਾਲ ਵਿਚ ਸੀ। ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਗਣੇਸ਼ ਕੁਮਾਰ ਉਰਫ਼ ਬੰਟੀ ਵਾਸੀ ਗਲੀ ਨੰਬਰ 4, ਅਨੰਦ ਨਗਰ, ਮਕਸੂਦਾਂ, ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਵਿਰੁੱਧ ਆਬਕਾਰੀ ਐਕਟ ਅਧੀਨ ਕੇਸ ਦਰਜ ਕਰਨ ਉਪਰੰਤ ਜਮਾਨਤ ਦਿੱਤੀ ਗਈ। ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਵਿਰੁੱਧ ਪਹਿਲਾਂ ਵੀ ਥਾਣਾ ਡਵੀਜ਼ਨ 1, 8 ਤੇ ਥਾਣਾ ਸਦਰ ਵਿਚ ਆਬਕਾਰੀ ਐਕਟ ਅਧੀਨ ਕੇਸ ਦਰਜ ਹਨ।

ਇਸੇ ਤਰ੍ਹਾਂ ਥਾਣਾ ਡਵੀਜਨ 1 ਦੇ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਮੁਖ਼ਬਰ ਦੀ ਇਤਲਾਹ 'ਤੇ ਉਨ੍ਹਾਂ ਵੱਲੋਂ ਸਾਥੀ ਮੁਲਾਜ਼ਮਾਂ ਸਮੇਤ ਪਿੰਡ ਚੱਕ ਜਿੰਦਾਂ 'ਚ ਛਾਪੇਮਾਰੀ ਕੀਤੀ ਗਈ ਤਾਂ ਨਾਜਾਇਜ਼ ਸ਼ਰਾਬ ਵੇਚਣ ਲਈ ਗਾਹਕ ਦੀ ਭਾਲ ਕਰ ਰਹੇ ਵਿਅਕਤੀ ਜਸਵੰਤ ਸਿੰਘ ਉਰਫ਼ ਰਾਜੂ ਵਾਸੀ ਪਿੰਡ ਚੱਕ ਜਿੰਦਾ ਨੂੰ ਇਕ ਪੇਟੀ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਵਿਰੁੱਧ ਆਬਕਾਰੀ ਐਕਟ ਅਧੀਨ ਕੇਸ ਦਰਜ ਕਰਨ ਉਪਰੰਤ ਜਮਾਨਤ ਦੇ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਨਸ਼ਾ ਤਸਕਰ ਵਿਰੁੱਧ ਪਹਿਲਾਂ ਵੀ ਆਬਕਾਰੀ ਐਕਟ ਅਧੀਨ ਵੱਖ-ਵੱਖ ਥਾਣਿਆਂ 'ਚ ਕੇਸ ਦਰਜ ਹਨ।