ਜੇਐੱਨਐੱਨ, ਜਲੰਧਰ : ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਰਫ਼ਤਾਰ ਲਗਾਤਾਰ ਵੱਧ ਰਹੀ ਹੈ। ਪੰਜਾਬ ਦਾ ਰਿਕਵਰੀ ਰੇਟ ਰਾਸ਼ਟਰੀ ਔਸਤ ਤੋਂ ਲਗਪਗ 10 ਫ਼ੀਸਦੀ ਜ਼ਿਆਦਾ ਹੈ। ਰਾਸ਼ਟਰੀ ਔਸਤ 60.77 ਫ਼ੀਸਦੀ ਹੈ ਜਦਕਿ ਪੰਜਾਬ ਵਿਚ ਇਹ ਦਰ 70 ਫ਼ੀਸਦੀ ਦੇ ਕਰੀਬ ਹੈ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਹੀ ਸਮੇਂ 'ਤੇ ਫ਼ੈਸਲੇ ਲਏ। ਇਹੀ ਕਾਰਨ ਹੈ ਕਿ ਅੱਜ ਪੰਜਾਬ ਦੀ ਸਥਿਤੀ ਦੂਜੇ ਰਾਜਾਂ ਤੋਂ ਕਿਤੇ ਬਿਹਤਰ ਹੈ। ਸਰਕਾਰ ਨੇ ਰੋਜ਼ਾਨਾ ਟੈਸਟ ਕਰਨ ਦੀ ਸਮਰੱਥਾ 6000 ਤੋਂ ਉੱਪਰ ਕਰ ਦਿੱਤੀ ਹੈ। ਸੂਬੇ ਵਿਚ ਹੁਣ ਆਈਸੀਐੱਮਆਰ ਤੋਂ ਮਨਜ਼ੂਰਸ਼ੁਦਾ 16 ਨਿੱਜੀ ਲੈਬ ਕੋਵਿਡ-19 ਮਹਾਮਾਰੀ ਦੇ ਟੈਸਟ ਲਈ ਮੌਜੂਦ ਹਨ।

10 ਲੱਖ ਲੋਕਾਂ 'ਤੇ 12 ਹਜ਼ਾਰ ਤੋਂ ਜ਼ਿਆਦਾ ਟੈਸਟ ਕੀਤੇ ਜਾ ਰਹੇ ਹਨ। ਐਤਵਾਰ ਨੂੰ ਵੀ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਤੋਂ 102 ਮਰੀਜ਼ਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਡਿਸਚਾਰਜ ਕੀਤਾ ਗਿਆ। ਸੂਬੇ ਵਿਚ ਕੁੱਲ ਇਨਫੈਕਟਿਡਾਂ ਦੀ ਗਿਣਤੀ 6386 ਹੋ ਗਈ ਹੈ, ਇਨ੍ਹਾਂ ਵਿੱਚੋਂ 4408 ਸਿਹਤਯਾਬ ਹੋ ਚੁੱਕੇ ਹਨ। ਸਰਗਰਮ ਕੇਸ 1811 ਹੀ ਹਨ। ਦੂਜੇ ਪਾਸੇ, ਐਤਵਾਰ ਨੂੰ ਤਰਨਤਾਰਨ ਵਿਚ ਇਕ 65 ਸਾਲਾ ਬਜ਼ੁਰਗ ਦੀ ਕੋਰੋਨਾ ਨਾਲ ਮੌਤ ਹੋ ਗਈ। ਮਰੀਜ਼ ਨੂੰ ਦੋ ਦਿਨ ਪਹਿਲਾਂ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉੱਥੇ ਹਾਲਤ ਵਿਗੜਣ 'ਤੇ ਅੰਮ੍ਰਿਤਸਰ ਲੈ ਜਾਂਦੇ ਸਮੇਂ ਉਸਨੇ ਦਮ ਤੋੜ ਦਿੱਤਾ। ਬਜ਼ੁਰਗ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸੀ। ਸੰਗਰੂਰ ਦੇ ਮਲੇਰਕੋਟਲਾ ਵਿਚ 67 ਸਾਲਾ ਬਜ਼ੁਰਗ ਅਤੇ ਮੁਕਤਸਰ ਸਾਹਿਬ ਵਿਚ 70 ਸਾਲਾ ਮਹਿਲਾ ਦੀ ਕੋਰੋਨਾ ਕਾਰਨ ਮੌਤ ਹੋ ਗਈ। ਲੁਧਿਆਣਾ 'ਚ ਇਕ ਔਰਤ ਦੀ ਵੀ ਮੌਤ ਹੋ ਗਈਐਤਵਾਰ ਨੂੰ ਸੂਬੇ ਵਿਚ 188 ਨਵੇਂ ਪਾਜ਼ੇਟਿਵ ਕੇਸ ਆਏ। ਜਲੰਧਰ ਵਿਚ ਸਭ ਤੋਂ ਜ਼ਿਆਦਾ 71 ਅਤੇ ਲੁਧਿਆਣਾ ਵਿਚ 63 ਕੇਸ ਰਿਪੋਰਟ ਹੋਏ।


ਕੋਰੋਨਾ ਮੀਟਰ

ਸਰਗਰਮ ਕੇਸ/ਦੋ ਦਿਨ ਪਹਿਲਾਂ 1811/1586

ਸਰਗਰਮ ਕੇਸ ਦਸ ਲੱਖ 'ਤੇ/ਦੋ ਦਿਨ ਪਹਿਲਾਂ 64/56

ਸਿਹਤਯਾਬ ਹੋਏ/ਦੋ ਦਿਨ ਪਹਿਲਾਂ 4408/4266

ਕੁੱਲ ਮੌਤਾਂ/ਦਸ ਲੱਖ 'ਤੇ 168/5.96

ਦੋ ਦਿਨ ਪਹਿਲਾਂ ਕੁੱਲ ਮੌਤਾਂ/ਦਸ ਲੱਖ 'ਤੇ 158/5.64

ਕੁੱਲ ਇਨਫੈਕਟਿਡ/ਦਸ ਲੱਖ 'ਤੇ 6386/228.03

ਕੁੱਲ ਟੈਸਟ/ਦਸ ਲੱਖ ਆਬਾਦੀ 'ਤੇ 3,37,789/12,063

Posted By: Jagjit Singh