ਜਤਿੰਦਰ ਪੰਮੀ, ਜਲੰਧਰ : ਪਿਛਲੇ ਹਫਤੇ ਤੋਂ ਮੱਠਾ ਪਿਆ ਕੋਰੋਨਾ ਵਾਇਰਸ ਐਤਵਾਰ ਦੀ ਛੁੱਟੀ ਮਨਾਉਣ ਉਪਰੰਤ ਸੋਮਵਾਰ ਫਿਰ ਸਰਗਰਮ ਹੋ ਗਿਆ ਹੈ। ਅੱਜ ਆਈਆਂ ਰਿਪੋਰਟਾਂ ਵਿਚ ਜ਼ਿਲ੍ਹੇ ਅੰਦਰ ਦੋ ਬੱਚਿਆਂ ਸਮੇਤ 16 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 239 ਹੋ ਗਈ ਹੈ। ਇਨ੍ਹਾਂ ਵਿਚੋਂ ਪੰਜ ਮਰੀਜ਼ ਦਾਦਾ ਕਾਲੋਨੀ ਦੇ ਦੋ ਦਿਨ ਪਹਿਲਾਂ ਪਾਜ਼ੇਟਿਵ ਪਾਏ ਗਏ ਮਰੀਜ਼ ਦੇ ਸੰਪਰਕ ਵਿਚੋਂ ਹਨ, ਜਿਨ੍ਹਾਂ ਵਿਚ 55 ਸਾਲਾ ਤੇ 32 ਸਾਲਾ ਪੁਰਸ਼, 25 ਸਾਲਾ ਔਰਤ ਅਤੇ 10 ਸਾਲਾ ਤੇ 8 ਸਾਲਾ ਦੋ ਬੱਚੇ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਗੁਰੂ ਅਮਰਦਾਸ ਨਗਰ ਨੇੜੇ ਵੇਰਕਾ ਮਿਲਕ ਪਲਾਂਟ ਮਕਸੂਦਾਂ ਦੇ ਰਹਿਣ ਵਾਲੇ 56 ਸਾਲਾ ਪੁਰਸ਼ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਹ ਵਿਅਕਤੀ ਇਥੇ ਇਕੱਲਾ ਰਹਿੰਦਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਅੰਮਿ੍ਤਸਰ ਰਹਿੰਦੇ ਆਪਣੇ ਪਰਿਵਾਰ ਨੂੰ ਮਿਲ ਕੇ ਪਰਤਿਆ ਹੈ। ਸਾਹ ਲੈਣ 'ਚ ਸਮੱਸਿਆ ਆਉਣ ਕਰਕੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਦੇ ਟੈਸਟ ਦੀ ਰਿਪੋਰਟ 'ਚ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਇਲਾਵਾ ਦੇਰ ਸ਼ਾਮ 10 ਹੋਰ ਮਰੀਜ਼ ਪਾਜ਼ੇਟਿਵ ਪਾਏ ਗਏ।

ਸਿਹਤ ਵਿਭਾਗ ਦੀਆਂ ਟੀਮਾਂ ਨੇ ਮਰੀਜ਼ਾਂ ਨੂੰ ਸਿਵਲ ਹਸਪਤਾਲ 'ਚ ਤਬਦੀਲ ਕਰ ਦਿੱਤਾ ਹੈ। ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਾਲੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਇਨ੍ਹਾਂ ਇਲਾਕਿਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਛੇ 'ਚੋਂ ਪੰਜ ਮਰੀਜ਼ ਸੀਐੱਚਸੀ ਦਾਦਾ ਕਾਲੋਨੀ ਨੇੜੇ ਸਥਿਤ ਇਕ ਹੀ ਘਰ 'ਚ ਰਹਿਣ ਵਾਲੇ ਹਨ। ਦਾਦਾ ਕਾਲੋਨੀ ਦੇ ਇਕ ਪਲਾਟ 'ਚ ਬਣੇ ਕੁਆਰਟਰਾਂ ਵਿਚ ਰਹਿੰਦੇ ਹਨ। ਸਿਹਤ ਵਿਭਾਗ ਦੀਆਂ ਟੀਮਾਂ ਨੇ ਘਰ-ਘਰ ਸਰਵੇ ਕਰਕੇ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਸਿਹਤ ਵਿਭਾਗ ਨੇ ਸੋਮਵਾਰ ਨੂੰ 144 ਮਰੀਜ਼ਾਂ ਦੇ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ ਭੇਜੇ ਹਨ ਜਦੋਂਕਿ 109 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 308 ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ। ਹੁਣ ਤਕ ਲਏ ਗਏ ਸੈਂਪਲਾਂ ਦੀ ਗਿਣਤੀ 6711 ਹੋ ਗਈ ਹੈ ਜਦੋਂਕਿ ਇਨ੍ਹਾਂ ਵਿਚੋਂ 5994 ਨੈਗੇਟਿਵ ਆ ਚੁੱਕੇ ਹਨ। ਓਧਰ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਸਿਵਲ ਹਸਪਤਾਲ 'ਚੋਂ ਇਕ ਮਰੀਜ਼ ਨੂੰ ਛੁੱਟੀ ਦੇ ਕੇ ਘਰੇ ਆਈਸੋਲੇਸ਼ਨ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਰ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 201 ਹੋ ਗਈ ਹੈ ਜਦੋਂਕਿ ਸਿਵਲ ਹਸਪਤਾਲ ਵਿਚ ਇਸ ਵੇਲੇ 16, ਨਕੋਦਰ 'ਚ 3 ਅਤੇ ਲੁਧਿਆਣੇ 2 ਮਰੀਜ਼ ਜ਼ੇਰੇ ਇਲਾਜ ਹਨ।

ਦਾਦਾ ਕਾਲੋਨੀ ਪਾਰਕ 'ਚ ਲੋਕ ਕਰਦੇ ਰਹੇ ਸੈਰ

ਦਾਦਾ ਕਾਲੋਨੀ ਇਲਾਕੇ 'ਚ ਸੱਤ ਮਰੀਜ਼ ਪਾਜ਼ੇਟਿਵ ਆਉਣ ਤੋਂ ਬਾਅਦ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਲਾਕੇ ਦੇ ਲੋਕਾਂ ਨੂੰ ਬਾਹਰ ਜਾਣ ਤੇ ਬਾਹਰੋਂ ਕਿਸੇ ਦੇ ਅੰਦਰ ਆਉਣ 'ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ। ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਦੇ ਬਾਵਜੂਦ ਇਲਾਕੇ 'ਚ ਬਣੇ ਪਾਰਕ 'ਚ ਬਜ਼ੁਰਗ ਤੇ ਬੱਚੇ ਖੇਡਦੇ ਦੇਖੇ ਗਏ। ਇਸ ਮਾਮਲੇ 'ਚ ਨਾ ਤਾਂ ਲੋਕ ਗੰਭੀਰ ਨਜ਼ਰ ਆ ਰਹੇ ਹਨ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਇਸ ਪਾਸੇ ਧਿਆਨ ਦੇ ਰਿਹਾ ਹੈ।

Posted By: Amita Verma