ਜਤਿੰਦਰ ਪੰਮੀ, ਜਲੰਧਰ : ਪਰਵਾਸੀ ਮਜ਼ਦੂਰਾਂ ਨੂੰ ਮੁਫ਼ਤ ਰੇਲ ਗੱਡੀਆਂ ਰਾਹੀਂ ਵਾਪਿਸ ਭੇਜਣ ਦੀ ਲੜੀ ਵਜੋਂ ਅੱਜ ਜਲੰਧਰ ਰੇਲਵੇ ਸਟੇਸ਼ਨ ਤੋਂ 15ਵੀਂ ਸ਼੍ਰਮਿਕ ਐਕਸਪ੍ਰੈਸ ਰੇਲ ਗੱਡੀ 1200 ਪ੍ਰਵਾਸੀਆਂ ਨੂੰ ਲੈ ਕੇ ਸੁਲਤਾਨਪੁਰ ਲਈ ਰਵਾਨਾ ਹੋਈ ਜਿਸ 'ਤੇ ਸੂਬਾ ਸਰਕਾਰ ਵਲੋਂ 5.76 ਲੱਖ ਰੁਪਏ ਖ਼ਰਚੇ ਗਏ।

ਪੰਜਾਬ ਵਿਚ ਲਾਕਡਾਊਨ/ਕਰਫ਼ਿਊ ਦੌਰਾਨ ਫਸੇ ਪੰਜਾਬੀਆਂ ਨੂੰ ਮੁਫ਼ਤ ਸਫ਼ਰ ਰਾਹੀਂ ਜੱਦੀ ਸੂਬਿਆਂ ਵਿਚ ਭੇਜਣ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਮੁੱਖ ਮੰਤਰੀ ਪੰਜਾਬ ਵਲੋਂ ਮਨੁੱਖਤਾ ਦੀ ਭਲਾਈ ਲਈ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ। ਇਹ15ਵੀਂ ਰੇਲ ਗੱਡੀ ਹੈ ਇਸ ਤੋਂ ਪਹਿਲਾਂ 14 ਰੇਲਗੱਡੀਆਂ ਡਾਲਟਨਗੰਜ, ਗਾਜ਼ੀਪੁਰ ਅਤੇ ਬਨਾਰਸ, ਲਖਨਊ, ਗੋਰਖਪੁਰ, ਆਯੋਧਿਆ, ਆਜਮਗੜ੍ਹ, ਦਰਬੰਗਾ, ਬਹਿਰਾਇਚ, ਸੁਲਤਾਨਪੁਰ, ਮੁਜ਼ੱਫਰ ਨਗਰ, ਅਕਬਰਪੁਰ, ਆਜਮਗੜ੍ਹ, ਕਟਿਹਾਰ ਅਤੇ ਫੈਜ਼ਾਬਾਦ ਲਈ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਚੁੱਕੀਆਂ ਹਨ। ਅੱਜ ਦੀ ਇਹ ਰੇਲ ਗੱਡੀ ਡਿਪਟੀ ਕਮਿਸ਼ਨਰ ਪੁਲਿਸ ਬਲਕਾਰ ਸਿੰਘ ਦੀ ਦੇਖ-ਰੇਖ ਵਿਚ ਅਪਣੀ ਮੰਜ਼ਿਲ ਵੱਲ ਰਵਾਨਾ ਹੋਈ।

ਰੇਲ ਗੱਡੀ ਵਿਚ ਪ੍ਰਵਾਸੀਆਂ ਨੂੰ ਚੜਾਉਣ ਤੋਂ ਪਹਿਲਾਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਰਾਹੀਂ ਬੱਲੇ-ਬੱਲੇ ਫਾਰਮ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਰੋਡ ਤੋਂ ਰੇਲਵੇ ਸਟੇਸ਼ਨ 'ਤੇ ਲਿਆਂਦਾ ਗਿਆ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਵਾਸੀਆਂ ਨੂੰ ਰੇਲ ਗੱਡੀਆਂ ਵਿਚ ਚੜ੍ਹਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਰੇਲਵੇ ਸਟੇਸ਼ਨ 'ਤੇ ਪ੍ਰਵਾਸੀਆਂ ਨੂੰ ਰੇਲ ਗੱਡੀਆਂ ਵਿਚ ਚੜ੍ਹਾਉਣ ਤੋਂ ਪਹਿਲਾਂ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਹਰੇਕ ਵਿਅਕਤੀ ਦੀ ਸਿਹਤ ਟੀਮਾਂ ਵਲੋਂ ਮੈਡੀਕਲ ਸਕਰੀਨਿੰਗ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਪੁਲਿਸ ਜੋ ਖਾਸ ਤੌਰ 'ਤੇ ਇਸ ਮੌਕੇ ਮੌਜੂਦ ਸਨ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਲਈ 5.76 ਲੱਖ ਰੁਪਏ ਇਸ ਰੇਲ ਗੱਡੀ 'ਤੇ ਖ਼ਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪ੍ਰਵਾਸੀਆਂ ਵਲੋਂ ਪੰਜਾਬ ਸਰਕਾਰ ਦੇ ਪੋਰਟਲ 'ਤੇ ਰਜਿਸਟਰਡ ਕਰਵਾਇਆ ਗਿਆ ਹੈ ਉਨਾਂ ਨੂੰ ਹੀ ਉਨ੍ਹਾਂ ਦੇ ਜੱਦੀ ਸੂਬਿਆਂ ਵੱਲ ਜਾਣ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।

Posted By: Sarabjeet Kaur