ਅਮਰਜੀਤ ਸਿੰਘ ਵੇਹਗਲ, ਜਲੰਧਰ : ਡੀਏਵੀ ਕਾਲਜ ਪੁਲ਼ 'ਤੇ ਟਰੱਕ ਵੱਲੋਂ ਐਕਟਿਵਾ ਸਵਾਰ ਨੂੰ ਟੱਕਰ ਮਾਰੇ ਜਾਣ ਦੌਰਾਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਥਾਣਾ ਡਵੀਜ਼ਨ 1 ਦੇ ਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਡੀਏਵੀ ਪੁਲ਼ 'ਤੇ ਹਾਦਸਾ ਵਾਪਰਿਆ ਹੈ ਜਿਸ ਦੌਰਾਨ ਮੌਕੇ 'ਤੇ ਲੰਮਾ ਜਾਮ ਲੱਗ ਗਿਆ। ਉਨ੍ਹਾਂ ਵੱਲੋਂ ਮੌਕੇ 'ਤੇ ਪੁੱਜ ਕੇ ਦੇਖਿਆ ਤਾਂ ਖਿਡਾਰੀ ਨੌਜਵਾਨ ਦੀਕਸ਼ਾਂਤ (15) ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ ਉਸ ਦਾ ਪਿਤਾ ਜਤਿੰਦਰ ਰਾਵਤ ਵਾਸੀ ਪੁਲ਼ੀ ਅਲੀ ਮੁਹੱਲਾ ਗੰਭੀਰ ਜ਼ਖ਼ਮੀ ਹੋ ਗਿਆ ਸੀ ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ। ਉਨ੍ਹਾਂ ਦੱਸਿਆ ਕਿ ਐਕਟਿਵਾ ਸਵਾਰ ਪਿਤਾ ਆਪਣੇ ਪੁੱਤਰ ਨੂੰ ਨਿੱਜੀ ਅਕੈਡਮੀ 'ਚ ਕ੍ਰਿਕਟ ਦੀ ਟ੍ਰੇਨਿੰਗ ਦਿਵਾਉਣ ਗਿਆ ਸੀ ਪਰ ਅਕੈਡਮੀ ਬੰਦ ਹੋਣ ਕਰਕੇ ਦੋਵੇਂ ਪਿਓ ਪੁੱਤ ਵਾਪਸ ਆਪਣੇ ਘਰ ਜਾ ਰਹੇ ਸਨ ਤਾਂ ਜਿਵੇਂ ਹੀ ਉਹ ਡੀਏਵੀ ਕਾਲਜ ਦੇ ਪੁਲ਼ 'ਤੇ ਪੁੱਜੇ ਤਾਂ ਪਿੱਛੋਂ ਆ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਟਰੱਕ ਡਰਾਈਵਰ ਕਾਪਾ ਰਾਮ ਪੁੱਤਰ ਮੁਨਸ਼ੀ ਰਾਮ ਵਾਸੀ ਕਠੂਆ, ਜੰਮੂ ਕਸ਼ਮੀਰ ਨੂੰ ਕਾਬੂ ਕਰ ਕੇ ਉਸ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ।