ਪੰਜਾਬੀ ਜਾਗਰਣ ਟੀਮ, ਜਲੰਧਰ : ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਸ਼ੁੱਕਰਵਾਰ ਨੂੰ ਇਕ ਮੌਤ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ 30 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ। ਤਰਤਨਤਾਰਨ ਜ਼ਿਲ੍ਹੇ 'ਚ ਕੋਰੋਨਾ ਨਾਲ ਮੌਤ ਤੋਂ ਬਾਅਦ ਸੂਬੇ 'ਚ ਮੌਤਾਂ ਦਾ ਅੰਕੜਾ 50 ਤਕ ਪਹੁੰਚ ਗਿਆ ਹੈ। ਜਲੰਧਰ 'ਚ ਸ਼ੁੱਕਰਵਾਰ ਨੂੰ ਇਕੱਠੇ 8 ਪਾਜ਼ੇਟਿਵ ਕੇਸ ਸਾਹਮਣੇ ਆਏ। ਲੁਧਿਆਣਾ 'ਚ 9, ਗੁਰਦਾਸਪੁਰ ਤੋਂ 3 ਅਤੇ ਕਪੂਰਥਲਾ, ਫ਼ਤਹਿਗੜ੍ਹ ਸਾਹਿਬ, ਬਠਿੰਡਾ ਤੋਂ 1-1-1 ਪਾਜ਼ੇਟਿਵ ਕੇਸ, ਅਮਲੋਹ ਸ਼ਹਿਰ ਤੋਂ ਚਾਰ ਤੇ ਮੋਹਾਲੀ ਤੋਂ 4 ਤੇ ਤਰਨਤਾਰਨ 'ਚ ਇਕ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਦੇ ਨਾਲ ਹੀ ਸੂਬੇ 'ਚ ਐਕਟਿਵ ਕੇਸਾਂ ਦੀ ਗਿਣਤੀ 450 ਹੋ ਗਈ ਹੈ।

ਤਰਨਤਾਰਨ ਦੇ ਕਸਬਾ ਪੱਟੀ ਨਿਵਾਸੀ ਕੋਰੋਨਾ ਪਾਜ਼ੇਟਿਵ ਦੱਸੇ ਜਾ ਰਹੇ ਮਰੀਜ਼ ਦੀ ਲੰਘੀ ਰਾਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ। ਇਹ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਪਹਿਲੀ ਮੌਤ ਹੈ ਤੇ ਪੰਜਾਬ 'ਚ ਇਹ 50ਵੀਂ ਮੌਤ ਹੈ। ਸ਼ੁੱਕਰਵਾਰ ਨੂੰ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖ-ਰੇਖ ਹੇਠ ਸਸਕਾਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸਤਨਾਮ ਸਿੰਘ (45 ਸਾਲ) ਵਾਸੀ ਵਾਰਡ ਨੰਬਰ 15 ਪੱਟੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਭਰਤੀ ਸੀ।

ਜਲੰਧਰ 'ਚ ਕੋਰੋਨਾ ਵਾਇਰਸ ਦੀ ਮਹਾਮਾਰੀ ਦਾ ਵੱਧਦਾ ਕਹਿਰ ਜਾ ਰਿਹਾ ਹੈ। ਵੀਰਵਾਰ ਨੂੰ ਚਾਰ ਮਰੀਜ਼ ਪਾਜ਼ੇਟਿਵ ਆਉਣ ਮਗਰੋਂ ਅੱਜ ਦੁਪਹਿਰ ਸਮੇਂ ਆਈਆਂ ਰਿਪੋਰਟਾਂ 'ਚ ਜ਼ਿਲ੍ਹੇ ਦੇ ਅੱਠ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 278 'ਤੇ ਪੁੱਜ ਗਈ ਹੈ। ਇੱਥੇ ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਜ਼ਿਲ੍ਹੇ ਵਿਚ ਹੁਣ ਤਕ 9 ਮੌਤਾਂ ਹੋ ਚੁੱਕੀਆਂ ਹਨ। 228 ਮਰੀਜ਼ਾਂ ਨੂੰ ਸਿਵਲ ਹਸਪਤਾਲ ਤੋਂ ਘਰ ਭੇਜਿਆ ਜਾ ਚੁੱਕਾ ਹੈ।

ਗੁਰਦਾਸਪੁਰ 'ਚ ਸ਼ੁੱਕਰਵਾਰ ਨੂੰ 3 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿੱਚੋਂ ਬੀਤੇ ਦਿਨੀਂ ਗੁਰਦਾਸਪੁਰ ਦੇ ਕੱਪੜਾ ਵਪਾਰੀ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਦੇ ਸੰਪਰਕ 'ਚ ਆਈ ਉਸਦੀ ਧਰਮ ਪਤਨੀ ਤੇ ਉਸਦਾ ਵਰਕਰ ਵੀ ਸ਼ਾਮਲ ਹਨ। 1 ਵਿਅਕਤੀ ਸ਼ੁਕਰਪੁਰਾ ਬਟਾਲਾ ਦਾ ਹੈ ਜਿਸ ਦੀ ਸਿਹਤ ਵਿਭਾਗ ਵਲੋਂ ਕੀਤੀ ਜਾ ਰਹੀ ਰੈਂਡਮ ਸੈਂਪਲਿੰਗ ਦੌਰਾਨ ਰਿਪੋਰਟ ਪਾਜ਼ੇਟਿਵ ਆਈ ਹੈ।

ਬਠਿੰਡਾ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਹੋਣ ਦਾ ਇਕ ਮਾਮਲਾ ਹੋਰ ਸਾਹਮਣੇ ਆਇਆ ਹੈ। ਕੋਰੋਨਾ ਪਾਜ਼ੇਟਿਵ ਆਈ ਲੜਕੀ ਦੀ ਉਮਰ 10 ਸਾਲਾ ਦੀ ਹੈ ਤੇ ਇਹ ਪਹਿਲਾਂ ਕੋਰੋਨਾ ਪਾਜ਼ੇਟਿਵ ਦੇ ਸੰਪਰਕ 'ਚੋਂ ਹੈ। ਹੁਣ ਤਕ ਬਠਿੰਡਾ ਜ਼ਿਲ੍ਹੇ 'ਚ 60 ਮਾਮਲੇ ਕੋਰੋਨਾ ਪਾਜ਼ੇਟਿਵ ਦੇ ਆਏ ਹਨ, ਜਿਨ੍ਹਾਂ 'ਚੋਂ 50 ਠੀਕ ਹੋ ਕੇ ਵਾਪਸ ਭੇਜ ਦਿੱਤੇ ਗਏ ਹਨ, ਜਦੋਂਕਿ ਮੌਜੂਦਾ ਗਿਣਤੀ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ 10 ਹੈ।

ਕੋਰੋਨਾ ਮੁਕਤ ਹੋਏ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਮੁੜ ਕੋਰੋਨਾ ਪੀੜਤਾਂ ਦੀ ਗਿਣਤੀ ਵਧਣ ਲੱਗ ਗਈ। ਵੀਰਵਾਰ ਦੇਰ ਰਾਤ ਆਈ ਰਿਪੋਰਟ 'ਚ ਇਕ ਨੌਜਵਾਨ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ। ਇਸ ਦੀ ਪੁਸ਼ਟੀ ਕਰਦਿਆਂ ਡਾਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਹੈ। ਉਸ ਦੀ ਉਮਰ ਕਰੀਬ 20 ਸਾਲ ਹੈ ਤੇ ਦਿੱਲੀ ਵਿਖੇ ਬੱਚਿਆਂ ਨੂੰ ਭੰਗੜੇ ਦੀ ਟ੍ਰੇਨਿੰਗ ਦਿੰਦਾ ਸੀ।

ਇਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸ਼ੇਖੂਪਰਾ ਦੀ ਇਕ 65 ਸਾਲਾ ਔਰਤ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।

ਸਿਵਲ ਸਰਜਨ ਡਾ. ਐਨ.ਕੇ. ਅਵਰਵਾਲ ਨੇ ਦੱਸਿਆ ਕਿ 05 ਜੂਨ 2020 ਨੂੰ ਅਮਲੋਹ ਸ਼ਹਿਰ ਦੇ 04 ਵਿਅਕਤੀ ਕੋਰੋਨਾ ਪਾਜ਼ੇ‌ਟਿਵ ਪਾਏ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ, ਬਨੂੜ ਭੇਜਿਆ ਜਾ ਰਿਹਾ ਹੈ।

ਮੋਹਾਲੀ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਵੱਧ ਕੇ ਇੱਕ ਸੌ ਸਤਾਈ ਹੋ ਗਈ ਹੈ। ਪੀਜੀਆਈ ਤੋਂ ਅੱਜ ਸ਼ਾਮ ਆਈਆਂ ਰਿਪੋਰਟਾਂ ਵਿੱਚ ਚਾਰ ਹੋਰ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚ 3 ਮਰੀਜ਼ ਸਕੱਤਰ ਵਿਖੇ ਦੋ ਦਿਨ ਪਹਿਲਾਂ ਪੁਸ਼ਟੀ ਵਾਲੇ ਮਰੀਜ਼ ਦੇ ਮਾਂ-ਪਿਓ ਅਤੇ ਉਸ ਦੀ ਪਤਨੀ ਸ਼ਾਮਿਲ ਹਨ , ਜਦਕਿ ਚੌਥਾ ਮਰੀਜ਼ ਸੈਕਟਰ ਸੱਤਰ ਦਾ ਹੈ ਜਿਸ ਦੇ ਸੰਪਰਕ ਦਾ ਹਾਲੇ ਪਤਾ ਨਹੀਂ ਲੱਗਿਆ।

ਤਰਨਤਾਰਨ 'ਚ ਇਕ ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ, ਜੋ ਕਿ ਦੁਬਈ ਤੋਂ ਆਇਆ ਸੀ।

Posted By: Seema Anand