ਜਤਿੰਦਰ ਪੰਮੀ, ਜਲੰਧਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਬਾਅਦ ਦੁਪਹਿਰ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ 'ਚ ਮੈਰਿਟ 'ਚ ਜ਼ਿਲ੍ਹੇ ਨੂੰ ਸਿਰਫ਼ ਦੋ ਪੁਜ਼ੀਸ਼ਨਾਂ ਮਿਲੀਆਂ ਹਨ। ਇਨ੍ਹਾਂ 'ਚੋਂ ਇਕ ਵਿਦਿਆਰਥਣ ਕਾਮਰਸ ਗਰੁੱਪ ਤੇ ਦੂਜੀ ਹਿਊਮੈਨਿਟੀ ਗਰੁੱਪ 'ਚੋਂ ਹੈ। ਬੋਰਡ ਵੱਲੋਂ ਜਾਰੀ ਕੀਤੀ ਗਈ 302 ਵਿਦਿਆਰਥੀਆਂ ਦੀ ਸੂਬਾ ਪੱਧਰੀ ਮੈਰਿਟ ਸੂਚੀ ਸ੍ਰੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪ੍ਰਰੀਤ ਨਗਰ ਸੋਢਲ ਦੀ ਹਰਲੀਨ ਕੌਰ ਨੇ ਸੂਬੇ 'ਚੋਂ ਛੇਵਾਂ ਅਤੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਕਿਸ਼ਨਗੜ੍ਹ ਨੇੜਲੇ ਪਿੰਡ ਦੀ ਰਹਿਣ ਵਾਲੀ ਹਰਲੀਨ ਪੁੱਤਰੀ ਮਨਮੋਹਨ ਸਿੰਘ ਨੇ ਕਾਮਰਸ ਵਿਸ਼ੇ 'ਚ 500 'ਚੋਂ 492 ਅੰਕ ਲੈ ਕੇ (98.40 ਫ਼ੀਸਦੀ) ਇਹ ਪੁਜ਼ੀਸ਼ਨ ਹਾਸਲ ਕੀਤੀ ਹੈ। ਇਸੇ ਤਰ੍ਹਾਂ ਐੱਚਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਵੰਸ਼ਿਤਾ ਮੋਹਿੰਦਰੂ ਪੁੱਤਰੀ ਰਾਜੇਸ਼ ਮੋਹਿੰਦਰੂ ਵਾਸੀ ਦੂਰਦਰਸ਼ਨ ਇਨਕਲੇਵ ਨੇ ਹਿਊਮੈਨਿਟੀ ਗਰੁੱਪ 'ਚ ਪੰਜਾਬ 'ਚੋਂ 9ਵਾਂ ਅਤੇ ਜ਼ਿਲ੍ਹੇ 'ਚੋਂ ਦੂਜਾ ਸਥਾਨ ਹਾਸਲ ਕੀਤਾ। ਵੰਸ਼ਿਤਾ ਮੋਹਿੰਦਰੂ ਨੇ 500 'ਚੋਂ 489 ਅੰਕ (97.80 ਫੀਸਦੀ) ਲੈ ਕੇ ਇਹ ਪੁਜ਼ੀਸ਼ਨ ਹਾਸਲ ਕੀਤੀ। ਇਸ ਸਾਲ ਦੇ 12ਵੀਂ ਨਤੀਜੇ ਦੀ ਪਾਸ ਫ਼ੀਸਦੀ ਦਰ ਦੇ ਹਿਸਾਬ ਨਾਲ ਜਲੰਧਰ ਜ਼ਿਲ੍ਹੇ ਨੂੰ 11ਵਾਂ ਸਥਾਨ ਮਿਲਿਆ ਹੈ। 2021-22 ਦੇ ਸਿੱਖਿਆ ਸੈਸ਼ਨ ਲਈ ਜ਼ਿਲ੍ਹੇ ਦੇ 21697 ਪ੍ਰਰੀਖਿਆਰਥੀਆ ਨੇ ਪ੍ਰਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 21121 ਪਾਸ ਹੋਏ ਹਨ। ਜ਼ਿਲ੍ਹੇ ਦੀ ਪਾਸ ਦਰ 97.35 ਫ਼ੀਸਦੀ ਬਣੀ ਹੈ।

-----------

ਬੈਂਕਿੰਗ ਖੇਤਰ 'ਚ ਕਰੀਅਰ ਬਣਾਉਣਾ ਚਾਹੁੰਦੀ ਹੈ ਹਰਲੀਨ

ਅੱਡਾ ਕਿਸ਼ਨਗੜ੍ਹ ਨੇੜੇ ਪੈਂਦੇ ਪਿੰਡ ਕਰਾੜੀ ਦੀ ਰਹਿਣ ਵਾਲੀ ਕਾਮਰਸ ਗਰੁੱਪ ਦੀ ਹਰਲੀਨ ਕੌਰ ਗੁਰੂ ਨਾਨਕ ਪਬਲਿਕ ਸਕੂਲ ਪ੍ਰਰੀਤ ਨਗਰ ਸੋਢਲ ਰੋਡ ਦੀ ਵਿਦਿਆਰਥਣ ਹੈ। ਉਸ ਦੇ ਪਿਤਾ ਮਨਮੋਹਨ ਸਿੰਘ ਦੁਬਈ 'ਚ ਟੈਕਸੀ ਡਰਾਈਵਰ ਹਨ ਅਤੇ ਮਾਂ ਮਨਜੀਤ ਕੌਰ ਘਰੇਲੂ ਅੌਰਤ ਹੈ। ਹਰਲੀਨ ਕੌਰ ਨੇ ਕਿਹਾ ਕਿ ਜੋ ਵੀ ਸਕੂਲ 'ਚ ਅਧਿਆਪਕਾਂ ਵੱਲੋਂ ਪੜ੍ਹਾਇਆ ਜਾਂਦਾ ਸੀ, ਉਸ ਨੂੰ ਘਰ ਆ ਕੇ ਮੁੜ ਦੁਹਰਾਉਂਦੀ ਰਹੀ ਸੀ। ਛੁੱਟੀ ਵਾਲੇ ਦਿਨ ਕਰੀਬ 10 ਘੰਟੇ ਅਤੇ ਸਕੂਲ 'ਚ ਘੱਟੋ-ਘੱਟ ਪੰਜ ਘੰਟੇ ਆਪਣੇ ਆਪ ਪੜ੍ਹਨ ਦਾ ਸਮਾਂ ਨਿਰਧਾਰਿਤ ਕੀਤਾ ਹੋਇਆ ਸੀ। ਕਮਰੇ ਅੰਦਰ ਬੰਦ ਹੋ ਕੇ ਪੜ੍ਹਾਈ ਵੱਲ ਧਿਆਨ ਦਿੰਦੀ ਸੀ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਖਲਲ ਨਾ ਪਵੇ। ਟਿਊਸ਼ਨ 'ਤੇ ਵੀ ਜੋ ਪੜ੍ਹਾਇਆ ਜਾਂਦਾ ਸੀ, ਉਸ ਦਾ ਅਭਿਆਸ ਕਰਨ ਲਈ ਵੀ ਸਮਾਂ ਨਿਰਧਾਰਿਤ ਕੀਤਾ ਹੋਇਆ ਸੀ। 10ਵੀਂ 'ਚ ਏ ਪਲੱਸ ਗਰੇਡ ਹੀ ਰਿਹਾ ਸੀ। 12ਵੀਂ ਦੀ ਪ੍ਰਰੀ-ਬੋਰਡ ਪ੍ਰਰੀਖਿਆ 'ਚ ਵੀ ਸਕੂਲ 'ਚੋਂ ਅੱਵਲ ਰਹੀ ਸੀ ਤਾਂ ਅਧਿਆਪਕਾਂ ਨੇ ਥੋੜ੍ਹੀ ਹੋਰ ਮਿਹਨਤ ਕਰ ਕੇ ਮੈਰਿਟ 'ਚ ਆਉਣ ਲਈ ਉਤਸ਼ਾਹਿਤ ਕੀਤਾ ਸੀ। ਇਹੀ ਨਹੀਂ ਪੜ੍ਹਾਈ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਹੁੰਦਾ ਸੀ ਤਾਂ ਕੈਨੇਡਾ ਰਹਿੰਦੀਆਂ ਭੈਣਾਂ ਕਿਰਨਦੀਪ ਕੌਰ ਤੇ ਸਿਮਰਵੀਰ ਕੌਰ ਤੋਂ ਪੁੱਛ ਲੈਂਦੀ ਸੀ। ਉਹ ਸਿਲੇਬਸ ਦੀ ਤਸਵੀਰ ਖਿੱਚ ਕੇ ਵ੍ਹਟਸਐਪ 'ਤੇ ਭੇਜ ਦਿੰਦੀ ਸੀ ਅਤੇ ਦੂਜੇ ਪਾਸਿਓਂ ਭੈਣਾਂ ਵੀਡੀਓ ਕਾਲ ਕਰ ਕੇ ਸ਼ੱਕ ਦੂਰ ਕਰਵਾਉਂਦੀਆਂ ਸਨ। ਹਰਲੀਨ ਦਾ ਕਹਿਣਾ ਹੈ ਕਿ ਬੈਂਕਿੰਗ ਖੇਤਰ ਚੰਗਾ ਤੇ ਰੁਤਬੇ ਵਾਲਾ ਹੈ। ਇਸ ਲਈ ਉਹ ਬੈਂਕਿੰਗ ਖੇਤਰ 'ਚ ਕਰੀਅਰ ਬਣਾਉਣਾ ਚਾਹੁੰਦੀ ਹੈ। ਇਸ ਲਈ ਦੋਆਬਾ ਕਾਲਜ 'ਚ ਬੀਕਾਮ 'ਚ ਦਾਖਲਾ ਲਿਆ ਹੈ। ਹਰਲੀਨ ਦੀ ਮਾਂ ਮਨਜੀਤ ਕੌਰ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਧੀ ਰੱਜ ਕੇ ਪੜ੍ਹੇ ਅਤੇ ਚੰਗੇ ਨੰਬਰ ਲੈ ਕੇ ਇਮਤਿਹਾਨ ਪਾਸ ਕਰੇ, ਇਹੀ ਇੱਛਾ ਸੀ। ਇਸ ਲਈ ਉਸ ਕੋਲੋਂ ਕਦੇ ਵੀ ਘਰ ਦੇ ਕੰਮ ਨਹੀਂ ਕਰਵਾਏ। ਕਿਸੇ ਵੀ ਤਰ੍ਹਾਂ ਉਸ ਦੀ ਪੜ੍ਹਾਈ 'ਚ ਰੁਕਾਵਟ ਨਾ ਪਵੇ, ਇਸ ਦੀ ਖਿਆਲ ਰੱਖਦੀ ਸੀ। ਧੀ 'ਤੇ ਮਾਣ ਤਾਂ ਪਹਿਲਾਂ ਹੀ ਸੀ, ਕਿਉਂਕਿ ਉਹ ਸ਼ੁਰੂ ਤੋਂ ਹੀ ਆਪਣੇ ਸਕੂਲ 'ਚ ਪਹਿਲੇ ਸਥਾਨ 'ਤੇ ਆਉਂਦੀ ਰਹੀ ਹੈ ਅਤੇ ਹੁਣ ਜ਼ਿਲ੍ਹੇ 'ਚ ਪਹਿਲਾ ਸਥਾਨ ਹਾਸਲ ਕਰ ਕੇ ਹੋਰ ਮਾਣ ਵਧਾ ਦਿੱਤਾ ਹੈ।

----------

ਸਫਲਤਾ ਦੀ ਕੁੰਜੀ : ਜੋ ਵੀ ਅਧਿਆਪਕ ਪੜ੍ਹਾਉਣ, ਉਹ ਆਪ ਵੀ ਦੁਹਰਾਉਣਾ ਚਾਹੀਦਾ ਹੈ। ਰੋਜ਼ ਦਾ ਕੰਮ ਰੋਜ਼ ਕਰਨ ਦੀ ਆਦਤ ਬਣਾਓ। ਆਪਣੀਆਂ ਕਮਜੋਰੀਆਂ ਠੀਕ ਕਰੋ। ਜਿਹੜਾ ਵਿਸ਼ਾ ਮਜ਼ਬੂਤ ਲੱਗਦਾ ਹੈ, ਉਸ 'ਚ ਵੀ ਮਿਹਨਤ ਕਰੋ, ਜਿਸ 'ਚ ਕਮਜ਼ੋਰ ਲੱਗਦੇ ਹੋ, ਉਸ 'ਚ ਦੁੱਗਣੀ ਮਿਹਨਤ ਕਰੋ।

---------------

ਵੰਸ਼ਿਕਾ ਕੈਨੇਡਾ ਤੋਂ ਕਰਨਾ ਚਾਹੁੰਦੀ ਹੈ ਕਾਨੂੰਨ ਦੀ ਪੜ੍ਹਾਈ

ਦੂਰਦਰਸ਼ਨ ਇਨਕਲੇਵ ਵਾਸੀ ਵੰਸ਼ਿਤਾ ਮੋਹਿੰਦਰੂ ਦੇ ਪਿਤਾ ਰਾਜੇਸ਼ ਕੁਮਾਰ ਮੋਹਿੰਦਰੂ ਹਿਮਾਚਲ ਦੇ ਸ਼ਿਮਲਾ ਸਮੇਤ ਹੋਰਨਾਂ ਥਾਵਾਂ 'ਤੇ ਕਾਸਮੈਟਿਕ ਸਮੱਗਰੀ ਦਾ ਵਪਾਰ ਕਰਦੇ ਹਨ ਅਤੇ ਮਾਂ ਪ੍ਰਰੀਤੀ ਮੋਹਿੰਦਰੂ ਘਰੇਲੂ ਅੌਰਤ ਹੈ। ਵੰਸ਼ਿਤਾ ਦਾ ਕਹਿਣਾ ਹੈ ਕਿ ਮਾਤਾ-ਪਿਤਾ ਦੋਵਾਂ ਦੀ ਇੱਛਾ ਸੀ ਕਿ ਉਹ ਚੰਗੇ ਨੰਬਰ ਲੈ ਕੇ 12ਵੀਂ ਦੀ ਪ੍ਰਰੀਖਿਆ ਪਾਸ ਕਰੇ ਅਤੇ ਉਸ ਤੋਂ ਬਾਅਦ ਅਗਲੀ ਪੜ੍ਹਾਈ ਕਾਨੂੰਨ ਵਿਸ਼ੇ 'ਚ ਵਿਦੇਸ਼ ਜਾ ਕੇ ਕਰੇ, ਕਿਉਂਕਿ ਇਥੇ ਬਹੁਤ ਭਿ੍ਸ਼ਟਾਚਾਰ ਹੈ ਅਤੇ ਸਿਸਟਮ ਵੀ ਠੀਕ ਨਹੀਂ ਹੈ। ਇਸ ਲਈ ਉਹ ਮਾਤਾ-ਪਿਤਾ ਦੀ ਇੱਛਾ ਪੂਰੀ ਕਰਨ ਲਈ ਕੈਨੇਡਾ ਜਾ ਕੇ ਕਾਨੂੰਨ ਦੀ ਪੜ੍ਹਾਈ ਕਰੇਗੀ। ਉਸ ਦਾ ਕਹਿਣਾ ਹੈ ਕਿ ਰੋਜ਼ਾਨਾ ਸਕੂਲ 'ਚ ਜੋ ਵੀ ਪੜ੍ਹਾਇਆ ਜਾਂਦਾ ਸੀ, ਉਸ ਨੂੰ ਦੁਹਰਾਉਣ ਦੀ ਆਦਤ ਬਣਾਈ ਹੋਈ ਸੀ। ਟਾਈਮ ਟੇਬਲ ਤਿਆਰ ਕੀਤਾ ਹੋਇਆ ਸੀ ਤੇ ਉਸ ਮੁਤਾਬਕ ਹੀ ਪੜ੍ਹਾਈ ਕਰਦੀ ਸੀ। ਪੜ੍ਹਾਈ ਨਾਲ ਪੈਦਾ ਹੋਇਆ ਤਣਾਅ ਦੂਰ ਕਰਨ ਲਈ ਸਾਈਕਿਲੰਗ, ਸੰਗੀਤ ਤੇ ਯੂ-ਟਿਊਬ ਦੇਖ ਕੇ ਭੰਗੜਾ ਪਾਉਂਦੀ ਸੀ।

------------

ਸਫਲਤਾ ਦੀ ਕੁੰਜੀ : ਲਗਾਤਾਰ ਪੜ੍ਹਨ ਦੇ ਨਾਲ਼-ਨਾਲ਼ ਆਪਣੇ ਆਪ ਨੂੰ ਰਾਹਤ ਵੀ ਦਿਓ। ਹਰੇਕ ਪਾਠਕ੍ਰਮ ਨੂੰ ਚੰਗੀ ਤਰ੍ਹਾਂ ਸਮਝੋ ਤੇ ਲਿਖ-ਲਿਖ ਕੇ ਦੁਹਰਾਈ ਕਰੋ ਤਾਂ ਜੋ ਤੁਹਾਡੀ ਲਿਖਣ ਦੀ ਰਫ਼ਤਾਰ ਬਣੇ ਅਤੇ ਪਾਠਕ੍ਰਮ 'ਤੇ ਵੀ ਪੂਰੀ ਤਰ੍ਹਾਂ ਪਕੜ ਬਣੇ।

-------------------

ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਹਰਲੀਨ ਤੇ ਮਾਪਿਆਂ ਨੂੰ ਦਿੱਤੀ ਵਧਾਈ

ਅਮਰਜੀਤ ਸਿੰਘ ਵੇਹਗਲ, ਜਲੰਧਰ : ਹਰਲੀਨ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਬਾਰ੍ਹਵੀਂ ਦੀ ਮੈਰਿਟ ਸੂਚੀ 'ਚ ਛੇਵਾਂ ਸਥਾਨ ਤੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਪ੍ਰਰਾਪਤ ਕਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਖੁਸ਼ੀ ਦੇ ਮੌਕੇ 'ਤੇ ਸਕੂਲ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਰੀਤ ਨਗਰ ਦੀ ਪ੍ਰਬੰਧਕ ਕਮੇਟੀ ਨੇ ਹਰਲੀਨ ਕੌਰ ਤੇ ਉਸ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ। ਵਧਾਈ ਦੇਣ ਵਾਲਿਆਂ 'ਚ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਭਜਨ ਸਿੰਘ ਨੰਦੜਾ, ਚੇਅਰਮੈਨ ਪਰਮਜੀਤ ਸਿੰਘ ਭਾਟੀਆ, ਸਕੱਤਰ ਅਰਵਿੰਦਰ ਸਿੰਘ ਰੇਰੂ, ਸਕੱਤਰ ਸੁਰਿੰਦਰ ਸਿੰਘ ਗੁਲਾਟੀ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਚਾਵਲਾ, ਕੰਵਲਜੀਤ ਸਿੰਘ ਸੇਠੀ, ਰਘਬੀਰ ਸਿੰਘ, ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ, ਪਿ੍ਰੰਸੀਪਲ ਤੇ ਵਾਈਸ ਪਿ੍ਰੰਸੀਪਲ ਸ਼ਾਮਲ ਹਨ।