ਗੁਰਪ੍ਰੀਤ ਸਿੰਘ ਬਾਹੀਆ, ਜਲੰਧਰ ਛਾਉਣੀ : ਥਾਣਾ ਜਲੰਧਰ ਛਾਉਣੀ ਦੇ ਅਧੀਨ ਆਉਦੇ ਲਾਲ ਕੁੜਤੀ ਬਾਜ਼ਾਰ ਵਿਖੇ ਘਰ 'ਚ ਇਕੱਲੇ ਰਹਿ ਰਹੇ ਇਕ 12ਵੀਂ ਕਲਾਸ ਦੇ ਵਿਦਿਆਰਥੀ ਦਾ ਉਸਦੇ ਘਰ ਵਿਚ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮੌਕੇ ਤੇ ਪਹੁੰਚੀ ਛਾਉਣੀ ਪੁਲਿਸ ਜਾਂਚ 'ਚ ਜੁਟ ਗਈ ਹੈ। ਏਸੀਪੀ ਕੈਂਟ ਮੇਜਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਰਮਾਨ ਪੁੱਤਰ ਦਵਿੰਦਰ ਕੁਮਾਰ ਉਮਰ 7 ਸਾਲ ਵਜੋਂ ਹੋਈ ਹੈ। ਮ੍ਰਿਤਕ ਦੀ ਚਾਚੀ ਜਸਪ੍ਰੀਤ ਨੇ ਦੱਸਿਆ ਕਿ ਅਰਮਾਨ ਦੇ ਪਿਤਾ ਪਿਛਲੇ 6 ਸਾਲਾਂ ਤੋ ਇਟਲੀ ਵਿਖੇ ਰਹਿੰਦੇ ਹਨ। ਮ੍ਰਿਤਕ ਦੀ ਮਾਤਾ ਆਪਣੀ ਛੋਟੀ ਬੇਟੀ ਦੇ ਨਾਲ ਆਪਣੇ ਪੇਕੇ ਸ਼ਿਮਲੇ ਗਈ ਹੋਈ ਹੈ। ਅਰਮਾਨ ਦੀ ਚਾਚੀ ਜਸਪ੍ਰੀਤ ਨੇ ਦੱਸਿਆ ਕਿ ਉਹ ਨਾਲ ਵਾਲੇ ਘਰ 'ਚ ਹੀ ਰਹਿੰਦੇ ਹਨ। 2 ਵਜੇ ਦੇ ਲਗਭਗ ਬਾਜ਼ਾਰ ਤੋਂ ਸਾਮਾਨ ਲੈਣ ਗਈ ਸੀ। ਅਰਮਾਨ ਨੂੰ ਕਿਹਾ ਕਿ ਦਰਵਾਜ਼ਾ ਅੰਦਰੋਂ ਬੰਦ ਕਰ ਲਈਂ। ਉਸ ਸਮੇਂ ਅਰਮਾਨ ਘਰ 'ਚ ਇਕੱਲਾ ਹੀ ਸੀ। ਜਦੋਂ ਉਹ 4.30 ਦੇ ਕਰੀਬ ਘਰ ਪਹੁੰਚੀ ਦਰਵਾਜ਼ਾ ਖੁੱਲ੍ਹਾ ਸੀ ਤਾਂ ਗਵਾਂਢ 'ਚ ਰਹਿੰਦਾ ਅਰਮਾਨ ਦਾ ਦੋਸਤ ਸੌਰਵ ਉਸ ਨੂੰ ਫੁਟਬਾਲ ਖੇਡਣ ਲਈ ਬੁਲਾਉਣ ਲਈ ਆਇਆ। ਜਦੋਂ ਸੌਰਵ ਨੇ ਉੱਪਰ ਵਾਲੇ ਕਮਰੇ 'ਚ ਜਾ ਕੇ ਦੇਖਿਆ ਤਾਂ ਅਰਮਾਨ ਲਹੂ-ਲੁਹਾਨ ਹੋਇਆ ਬੇਹੋਸ਼ ਪਿਆ ਸੀ। ਰੌਲਾ ਪਾਉਣ 'ਤੇ ਇਕੱਠੇ ਹੋਏ ਲੋਕ ਉਸ ਨੂੰ ਐੱਸਜੀਐੱਲ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਆਂਢ-ਗਵਾਂਢ ਦੇ ਲੋਕਾਂ ਨੇ ਦੱਸਿਆ ਕਿ ਹਮਲਾਵਾਰਾਂ ਨੇ ਅਰਮਾਨ ਦੇ ਸਿਰ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਸਨ। ਮੌਕੇ ਤੇ ਪਹੁੰਚੇ ਏਸੀਪੀ ਕੈਂਟ ਮੇਜਰ ਸਿੰਘ ਨੇ ਦੱਸਿਆ ਕਿ ਐਕਸਪਰਟ ਟੀਮ ਨੂੰ ਬੁਲਾਇਆ ਗਿਆ ਹੈ। ਛਾਉਣੀ ਪੁਲਿਸ ਵਲੋਂ ਨਾਲ ਲੱਗਦੇ ਘਰਾਂ ਦੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸੰਘਣੀ ਅਬਾਦੀ ਵਾਲੇ ਖੇਤਰ 'ਚ ਕਤਲ ਹੋਣ 'ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

Posted By: Susheel Khanna