ਰਾਕੇਸ਼ ਗਾਂਧੀ ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਦੀ ਪੁਲਿਸ ਨੇ ਮੁਖਬਰ ਖਾਸ ਦੀ ਸੂਚਨਾ 'ਤੇ ਨਿਊ ਅਮਰਦਾਸ ਨਗਰ 'ਚ ਸਥਿਤ ਇੱਕ ਐੱਨਆਰਆਈ ਦੀ ਕੋਠੀ 'ਚ ਜੂਆ ਖੇਡ ਰਹੇ ਜਲੰਧਰ ਅਤੇ ਅੰਮਿ੍ਤਸਰ ਦੇ ਜੁਆਰੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਦੀ ਨਕਦੀ ਰਿਵਾਲਵਰ ਤੇ ਪਿਸਟਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਜੁਆਰੀਆਂ ਦੀਆਂ 5 ਲਗਜ਼ਰੀ ਗੱਡੀਆਂ ਵੀ ਜ਼ਬਤ ਕੀਤੀਆਂ ਹਨ। ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਮੁਖੀ ਸਬ ਇੰਸਪੈਕਟਰ ਹਰਮਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਨਿਊ ਅਮਰਦਾਸ ਨਗਰ ਵਿੱਚ ਸਥਿਤ ਇੱਕ ਐੱਨਆਰਆਈ ਦੀ ਕੋਠੀ ਜਿਸ ਦੀਆਂ ਚਾਬੀਆਂ ਪ੍ਰਰਾਪਰਟੀ ਡੀਲਰਾਂ ਦੇ ਕੋਲ ਹੀ ਹਨ ਵਿੱਚ ਉਕਤ ਪ੍ਰਰਾਪਰਟੀ ਡੀਲਰ ਜਲੰਧਰ ਅਤੇ ਅੰਮਿ੍ਤਸਰ ਦੇ ਜੁਆਰੀਆਂ ਨੂੰ ਬੁਲਾ ਕੇ ਜੁਆ ਖੇਡ ਰਹੇ ਹਨ ਤੇ ਉਨ੍ਹਾਂ ਕੋਲ ਲਾਈਸੈਂਸੀ ਤੇ ਨਾਜਾਇਜ਼ ਹਥਿਆਰ ਵੀ ਹਨ। ਜਿਸ 'ਤੇ ਡੀਸੀਪੀ ਸੁਡਰਵਿਜੀ , ਏਸੀਪੀ ਕਰਾਇਮ ਕੰਵਲਜੀਤ ਸਿੰਘ, ਸੀਆਈਏ ਸਟਾਫ ਦੇ ਮੁਖੀ ਹਰਮਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਉਕਤ ਕੋਠੀ 'ਚ ਛਾਪੇਮਾਰੀ ਕਰ ਕੇ ਮੌਕੇ ਤੋਂ 11 ਵਿਅਕਤੀਆਂ ਸੁੱਚਾ ਸਿੰਘ ਵਾਸੀ ਦਿਆਲਪੁਰਾ, ਸੰਦੀਪ ਸ਼ਰਮਾ ਵਾਸੀ ਮਿੱਠਾ ਬਾਜ਼ਾਰ, ਦਵਿੰਦਰ ਕੁਮਾਰ ਉਰਫ ਡੀਸੀ ਵਾਸੀ ਆਦਮਪੁਰ ਜਲੰਧਰ, ਵਿਸ਼ਾਲ ਭੱਲਾ, ਮੋਹਿਤ, ਰੀਕੀ, ਕਮਲ ਕੁਮਾਰ, ਮਨੋਹਰ ਲਾਲ, ਭਾਨੂ, ਕੌਸ਼ਲ ਅਤੇ ਪਰਵੀਨ ਮਹਾਜਨ ਸਾਰੇ ਵਾਸੀ ਅੰਮਿ੍ਤਸਰ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 19.82 ਲੱਖ ਰੁਪਏ ਨਕਦੀ ਤੇ ਤਾਸ਼ ਬਰਾਮਦ ਕੀਤੀ। ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਦ ਸਾਰੇ ਜੁਆਰੀਆਂ ਦੀ ਤਲਾਸ਼ੀ ਲਈ ਗਈ ਤਾਂ ਸੁੱਚਾ ਸਿੰਘ, ਮਨੋਹਰ ਲਾਲ ਤੇ ਸੰਦੀਪ ਸ਼ਰਮਾ ਕੋਲੋਂ ਰਿਵਾਲਵਰ ਅਤੇ ਕਮਲ ਕੁਮਾਰ ਕੋਲੋਂ ਇੱਕ ਪਿਸਟਲ ਤੇ ਜਿੰਦਾ ਰੋਂਦ ਬਰਾਮਦ ਹੋਏ। ਜਦ ਇਨ੍ਹਾਂ ਹਥਿਆਰਾਂ ਦੇ ਲਾਈਸੈਂਸ ਮੰਗੇ ਗਏ ਤਾਂ ਕੋਈ ਵੀ ਲਾਈਸੈਂਸ ਨਹੀਂ ਦਿਖਾ ਸਕਿਆ। ਸੰਦੀਪ ਕੁਮਾਰ ਨੇ ਦੱਸਿਆ ਕਿ ਇਹੀ ਪਿਸਟਲ ਉਸ ਦੇ ਦੋਸਤ ਜੋਗਿੰਦਰ ਪਾਲ ਦਾ ਹੈ ਅਤੇ ਕਮਲ ਕੁਮਾਰ ਕੋਲੋਂ ਬਰਾਮਦ ਹੋਇਆ ਪਿਸਟਲ ਉਸ ਦੇ ਦੋਸਤ ਰਾਜੀਵ ਕੁਮਾਰ ਦਾ ਹੈ। ਪੁਲਿਸ ਕਮਿਸਨਰ ਨੇ ਦੱਸਿਆ ਕਿ ਜੋਗਿੰਦਰ ਪਾਲ ਤੇ ਰਾਜੀਵ ਕੁਮਾਰ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੂੰ ਵੀ ਜਲਦ ਗਿ੍ਫਤਾਰ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਪੁਲਿਸ ਨੇ ਪੰਜ ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਹਨ ਜਿਹੜੀਆਂ ਇਨ੍ਹਾਂ ਵਿਅਕਤੀਆਂ ਦੀਆਂ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਖ਼ਿਲਾਫ਼ ਪਹਿਲਾਂ ਵੀ ਕਈ ਥਾਣਿਆਂ ਵਿੱਚ ਗੈਂਬਲਿੰਗ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ।

30 ਜੁਆਰੀਆਂ ਨਾਲ ਫੜੇ ਗਏ ਸਨ ਸੰਦੀਪ ਤੇ ਸੁੱਚਾ ------

ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ 2017 ਵਿੱਚ ਲੁਧਿਆਣਾ ਦੇ ਰੈਡੀਸਨ ਬਲਿਊ ਹੋਟਲ 'ਚ ਸੰਦੀਪ ਸ਼ਰਮਾ ਤੇ ਸੁੱਚਾ ਸਿੰਘ ਜੂਆ ਖੇਡਦੇ ਹੋਏ ਤੀਹ ਜੁਆਰੀਆਂ ਨਾਲ ਲੁਧਿਆਣਾ ਪੁਲਿਸ ਵੱਲੋਂ ਵੀ ਗਿ੍ਫਤਾਰ ਕੀਤੇ ਗਏ ਸਨ।

ਐੱਨਆਰਆਈ ਨੂੰ ਵੇਚੀ ਕੋਠੀ ਦੀ ਚਾਬੀ ਸੀ ਸੁੱਚਾ ਸਿੰਘ ਕੋਲ -----

ਜਿਸ ਕੋਠੀ ਵਿੱਚ ਜੂਆ ਖੇਡਿਆ ਜਾ ਰਿਹਾ ਸੀ ਉਹ ਕੋਠੀ ਸੁੱਚਾ ਸਿੰਘ ਅਤੇ ਸੰਦੀਪ ਸ਼ਰਮਾ ਨੇ ਸ਼ਾਹਕੋਟ ਦੇ ਇੱਕ ਐੱਨਆਰਆਈ ਨੂੰ ਵੇਚੀ ਸੀ ਪਰ ਉਸ ਨੇ ਇਹ ਚਾਬੀ ਲਾਕਡਾਊਨ ਹੋਣ ਕਾਰਨ ਇਨ੍ਹਾਂ ਕੋਲ ਹੀ ਛੱਡੀ ਹੋਈ ਸੀ ਜਿਸ ਵਿੱਚ ਇਹ ਦੋਵੇਂ ਬਾਹਰ ਦੇ ਸ਼ਹਿਰਾਂ ਤੋਂ ਜੁਆਰੀਆਂ ਨੂੰ ਬੁਲਾ ਕੇ ਜੂਆ ਖਿਡਾਉਂਦੇ ਸਨ।