ਜਤਿੰਦਰ ਪੰਮੀ, ਜਲੰਧਰ

ਕੋਰੋਨਾ ਮਹਾਮਾਰੀ ਦਾ ਮਹਾਨਗਰ ਦਾ ਪਾਸ਼ ਇਲਾਕਿਆਂ 'ਚ ਤੇਜ਼ੀ ਨਾਲ ਪੈਰ ਪਸਾਰਨਾ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਡਿਫੈਂਸ ਕਾਲੋਨੀ ਦੇ ਇੱਕੋ ਘਰ ਦੇ 7 ਜੀਆਂ ਤੇ ਉਨ੍ਹਾਂ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਸਮੇਤ 10 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ ਦੋ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਹਨ। ਕੋਰੋਨਾ ਵਾਇਰਸ ਨੇ ਲਾਕਡਾਊਨ 'ਚ ਸੰਘਣੀ ਵਸੋਂ ਵਾਲੇ ਇਲਾਕੇ ਛੱਡ ਕੇ ਹੁਣ ਪਾਸ਼ ਇਲਾਕਿਆਂ 'ਚ ਆਪਣੀ ਲੜੀ ਮਜ਼ਬੂਤ ਕਰ ਦਿੱਤੀ ਹੈ। ਅੱਜ ਦੇ 10 ਮਰੀਜ਼ਾਂ ਨਾਲ ਜ਼ਿਲ੍ਹੇ 'ਚ ਹੁਣ ਤਕ ਕੋਰੋਨਾ ਪਾਜ਼ੇਟਿਵ ਪਾਏ ਗਏ ਕੁੱਲ ਮਰੀਜ਼ਾਂ ਦੀ ਗਿਣਤੀ 263 ਹੋ ਗਈ ਹੈ ਜਦੋਂਕਿ 8 ਵਿਅਕਤੀ ਕੋਰੋਨਾ ਕਾਰਨ ਜਾਨ ਗੁਆ ਚੁੱਕੇ ਹਨ।

ਦੱਸਣਯੋਗ ਹੈ ਕਿ ਸ਼ਹਿਰ ਦੇ ਪਾਸ਼ ਇਲਾਕੇ ਲਾਜਪਤ ਨਗਰ ਤੋਂ ਸ਼ੁਰੂ ਹੋਈ ਕੋਰੋਨਾ ਦੀ ਲੜੀ ਮਜ਼ਬੂਤ ਹੁੰਦੀ ਜਾ ਰਹੀ ਹੈ। ਲਾਜਪਤ ਨਗਰ ਤੋਂ ਨਿਊ ਜਵਾਹਰ ਨਗਰ ਅਤੇ ਹੁਣ ਡਿਫੈਂਸ ਕਾਲੋਨੀ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਲੱਗੀ ਹੈ। ਨਕੋਦਰ ਰੋਡ ਸਥਿਤ ਲਵਲੀ ਸੈਨੇਟਰੀ ਸਟੋਰ ਦੇ ਮਾਲਕ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮੰਗਲਵਾਰ ਨੂੰ ਉਨ੍ਹਾਂ ਦੇ ਪਰਿਵਾਰ ਦੇ ਸੱਤ ਜੀਅ ਤੇ ਤਿੰਨ ਮੁਲਾਜ਼ਮਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚ 39 ਸਾਲਾ ਪਿੰਡ ਖਾਂਦੇਰਾ ਜ਼ਿਲ੍ਹਾ ਹਮੀਰਪੁਰ ਤੇ 35 ਸਾਲਾ ਪਿੰਡ ਘਰਥੇੜੂ ਤਹਿਸੀਲ ਢਲਿਆਰਾ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਅਤੇ 24 ਸਾਲਾ ਸਟਾਫ ਮੈਂਬਰ ਵਾਸੀ ਭਾਰਗੋ ਕੈਂਪ ਸ਼ਾਮਲ ਹਨ। ਪਰਿਵਾਰਕ ਜੀਆਂ 'ਚ ਲਵਲੀ ਸੈਨੇਟਰੀ ਸਟੋਰ ਦੇ ਮਾਲਕ ਦੀ 43 ਸਾਲਾ ਭਾਬੀ, 48 ਸਾਲਾ ਪਤਨੀ, 27 ਸਾਲਾ ਧੀ, 24 ਸਾਲਾ ਭਤੀਜਾ, 45 ਸਾਲਾ ਭਰਾ ਅਤੇ ਪਰਿਵਾਰ ਦੀ 73 ਸਾਲਾ ਅੌਰਤ ਤੇ 20 ਸਾਲਾ ਨੌਜਵਾਨ ਸ਼ਾਮਲ ਹਨ। ਸੋਮਵਾਰ ਨੂੰ ਸਿਹਤ ਵਿਭਾਗ ਦੀ ਟੀਮ ਨੇ ਉਕਤ ਸੈਨੇਟਰੀ ਸਟੋਰ ਦੇ ਮਾਲਕ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਹਸਪਤਾਲ 'ਚ ਸੈਂਪਲ ਦੇਣ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਸਾਫ ਨਾਂਹ ਕਰ ਦਿੱਤੀ ਅਤੇ ਆਪਣੇ ਤੌਰ 'ਤੇ ਹੀ ਸੈਂਪਲਾਂ ਦੀ ਜਾਂਚ ਕਰਵਾਉਣ ਦੀ ਗੱਲ ਕਹੀ। ਡਾ. ਸੰਜੀਵ ਸ਼ਰਮਾ ਦੀ ਸਲਾਹ ਤੋਂ ਬਾਅਦ ਅੰਮਿ੍ਤਸਰ ਦੀ ਪ੍ਰਰਾਈਵੇਟ ਲੈਬ ਦੇ ਸਟਾਫ ਨੇ ਉਕਤ ਪਰਿਵਾਰ ਦੇ 14 ਮੈਂਬਰਾਂ ਦੇ ਸੈਂਪਲ ਲੈ ਕੇ ਜਾਂਚ ਕੀਤੀ। ਉਨ੍ਹਾਂ ਵਿਚੋਂ 10 ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮਰੀਜ਼ਾਂ ਦੀ ਰਿਪੋਰਟ ਸੋਮਵਾਰ ਨੂੰ ਦੇਰ ਰਾਤ ਸਿਹਤ ਵਿਭਾਗ ਅਤੇ ਡਾ. ਸੰਜੀਵ ਸ਼ਰਮਾ ਕੋਲ ਪੁੱਜ ਗਈ ਸੀ। ਸਾਰੀ ਰਾਤ ਮਰੀਜ਼ ਪਰੇਸ਼ਾਨੀ ਦੀ ਹਾਲਤ ਵਿਚ ਰਹੇ। ਮੰਗਲਵਾਰ ਨੂੰ ਆਈਐੱਮਓ ਪੰਜਾਬ ਵੱਲੋਂ ਮਲਸੀਆਂ ਨੇੜੇ ਬਿੱਲੀ ਚਹਾਰਮੀ 'ਚ ਬਣਾਏ ਗਏ ਹਸਪਤਾਲ 'ਚ ਭੇਜ ਦਿੱਤਾ ਗਿਆ ਅਤੇ ਸਟਾਫ ਦੇ ਮੈਂਬਰਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਪ੍ਰਰਾਈਵੇਟ ਲੈਬ ਦੀ ਰਿਪੋਰਟ ਦੀ ਆਈਡੀਐੱਸਪੀ ਵਿਭਾਗ ਤੋਂ ਮੰਗਲਵਾਰ ਨੂੰ ਪੁਸ਼ਟੀ ਹੋਣ ਬਾਅਦ ਪਰਿਵਾਰ ਦੇ ਸੱਤ ਮੈਂਬਰਾਂ ਨੂੰ ਮਲਸੀਆਂ ਨੇੜੇ ਬਣਾਏ ਗਏ ਆਈਸੋਲੇਸ਼ਨ ਸੈਂਟਰ 'ਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਦੀ ਦੁਕਾਨ ਦੇ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਹੈ। ਦੋ ਮਰੀਜ਼ ਹਿਮਾਚਲ ਪ੍ਰਦੇਸ਼ ਦੇ ਹਨ, ਜਿਨ੍ਹਾਂ ਦੀ ਸੂਚਨਾ ਉਥੇ ਭੇਜੀ ਗਈ ਹੈ। ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 263 ਹੋ ਗਈ ਹੈ ਜਦੋਂਕਿ ਮਰਨ ਵਾਲਿਆਂ ਦੀ ਗਿਣਤੀ 8 ਹੈ। ਜ਼ਿਲ੍ਹੇ 'ਚੋਂ 214 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ। 163 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਸਰਵੇ ਕਰਕੇ ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਰਹੀਆਂ ਹਨ।

ਵੱਡੇ ਘਰਾਂ ਵਾਲਿਆਂ ਨੂੰ ਸਿਵਲ ਹਸਪਤਾਲ 'ਤੇ ਨਹੀਂ ਭਰੋਸਾ

ਕੋਰੋਨਾ ਮਹਾਮਾਰੀ ਨੇ ਸ਼ਹਿਰ ਦੀਆਂ ਪਾਸ਼ ਕਾਲੋਨੀਆਂ 'ਚ ਆਪਣੀ ਪਕੜ ਮਜ਼ਬੂਤ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਇਲਾਕਿਆਂ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਤੇਜ਼ੀ ਨਾਲ ਵਧ ਰਹੀ ਗਿਣਤੀ ਖ਼ਤਰਨਾਕ ਹੁੰਦੀ ਜਾ ਰਹੀ ਹੈ। ਪਾਸ਼ ਇਲਾਕਿਆਂ 'ਚ ਰਹਿਣ ਵਾਲੇ ਵੱਡੇ ਘਰਾਂ ਦੇ ਲੋਕਾਂ ਨੂੰ ਸਿਵਲ ਹਸਪਤਾਲ 'ਤੇ ਭਰੋਸਾ ਨਹੀਂ ਹੈ ਅਤੇ ਨਿੱਜੀ ਹਸਪਤਾਲਾਂ ਵੱਲੋਂ ਕੋਰੋਨਾ ਮਰੀਜ਼ਾਂ ਦਾ ਇਲਾਜ ਨਹੀਂ ਕੀਤਾ ਜਾ ਰਿਹਾ। ਆਈਐੱਮਏ ਪੰਜਾਬ ਵੱਲੋਂ ਮਲਸੀਆਂ ਨੇੜੇ ਬਿੱਲੀ ਚਹਾਰਮੀ 'ਚ ਬਣਾਏ ਗਏ ਆਈਸੋਲੇਸ਼ਨ ਸੈਂਟਰ 'ਚ 25 ਬਿਸਤਰਿਆਂ ਦੀ ਸਮਰੱਥਾ ਹੈ ਅਤੇ 22 ਭਰ ਚੁੱਕੇ ਹਨ। ਮਰੀਜ਼ਾਂ ਦੀ ਗਿਣਤੀ ਵਧਣ ਨਾਲ ਜ਼ਿਲ੍ਹਾ ਪ੍ਰਸ਼ਾਸਨ ਲਈ ਸਮੱਸਿਆ ਖੜ੍ਹੀ ਹੋਣਾ ਤੈਅ ਹੈ। ਉਥੇ ਹੀ ਆਈਐੱਮਏ ਪੰਜਾਬ ਦੇ ਪ੍ਰਧਾਨ ਡਾ. ਨਵਜੋਤ ਸਿੰਘ ਦਹੀਆ ਦਾ ਕਹਿਣਾ ਹੈ ਕਿ ਪ੍ਰਰਾਈਵੇਟ ਡਾਕਟਰਾਂ ਨੇ ਭਾਈਵਾਲੀ ਕਰਕੇ ਬਿੱਲੀ ਚਹਾਰਮੀ 'ਚ ਸੈਂਟਰ ਕਾਇਮ ਕੀਤਾ ਹੈ ਤਾਂ ਜੋ ਨਿੱਜੀ ਹਸਪਤਾਲਾਂ 'ਚ ਕੋਰੋਨਾ ਦੇ ਮਰੀਜ਼ ਦਾਖਲ ਕਰਕੇ ਸਟਾਫ ਤੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਸੈਂਟਰ ਵਿਚ ਵਧੀਆ ਤੇ ਸਸਤੀਆਂ ਸੇਵਾਵਾਂ ਮੁਹੱਈਆ ਕਰਵਾ ਸਕਦੇ ਹਨ। ਸਿਵਲ ਹਸਪਤਾਲ 'ਚ ਵੀ ਪ੍ਰਰਾਈਵੇਟ ਕਮਰੇ ਤਿਆਰ ਕਰਕੇ ਲੋਕਾਂ ਨੂੰ ਵਧੀਆ ਸੇਵਾਵਾਂ ਦੇ ਕੇ ਪਾਸ਼ ਇਲਾਕਿਆਂ ਦੇ ਲੋਕਾਂ ਦਾ ਭਰੋਸਾ ਜਿੱਤਿਆ ਜਾ ਸਕਦਾ ਹੈ।

ਪ੍ਰਰਾਈਵੇਟ ਲੈਬ ਦੇ ਤਾਲਮੇਲ 'ਚ ਘਾਟ ਕਰਕੇ ਭਟਕਦਾ ਰਿਹਾ ਮਰੀਜ਼

ਪਿਛਲੇ ਦਿਨੀਂ ਲਵਲੀ ਸੈਨੇਟਰੀ ਸਟੋਰ ਦੇ ਮਾਲਕ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਣ ਬਾਰੇ ਤਾਲਮੇਲ ਦੀ ਘਾਟ ਕਾਰਨ ਪੂਰਾ ਪਰਿਵਾਰ ਕੋਰੋਨਾ ਦੀ ਲਪੇਟ 'ਚ ਆ ਗਿਆ। ਜਾਣਕਾਰੀ ਅਨੁਸਾਰ ਲੈਬ ਦੀ ਰਿਪੋਰਟ ਚੰਡੀਗੜ੍ਹ ਤੇ ਦਿੱਲੀ ਤੋਂ ਹੁੰਦੀ ਹੋਈ ਜਲੰਧਰ ਪੁੱਜੀ ਅਤੇ ਈਮੇਲ 'ਚ ਦੱਬੀ ਰਹਿ ਗਈ। ਕਰੀਬ ਦੋ ਰਿਪੋਰਟਾਂ ਦੀ ਜਾਣਕਾਰੀ ਸਿਹਤ ਵਿਭਾਗ ਤੇ ਸੈਂਪਲ ਭੇਜਣ ਵਾਲੇ ਡਾਕਟਰ ਨੂੰ ਨਹੀਂ ਮਿਲੀ। ਮਰੀਜ਼ ਤੇ ਪ੍ਰਰਾਈਵੇਟ ਡਾਕਟਰ ਨੇ ਲੈਬ ਨਾਲ ਸੰਪਰਕ ਕੀਤਾ ਤਾਂ ਮਰੀਜ਼ਾਂ ਨੂੰ ਕੋਰੋਨਾ ਹੋਣ ਦੀ ਗੱਲ ਪਤਾ ਲੱਗੀ। ਮਰੀਜ਼ ਪਾਜ਼ੇਟਿਵ ਪਾਏ ਜਾਣ ਦੇ ਬਾਵਜੂਦ ਦੋ ਦਿਨ ਘਰ-ਪਰਿਵਾਰ ਤੇ ਆਪਣੇ ਦਫਤਰ 'ਚ ਸਟਾਫ ਨਾਲ ਰਿਹਾ, ਜਿਸ ਕਾਰਨ ਪੂਰੇ ਪਰਿਵਾਰ ਨੂੰ ਕੋਰੋਨਾ ਨੇ ਆਪਣਾ ਸ਼ਿਕਾਰ ਬਣਾ ਲਿਆ।