ਕਰਾਈਮ ਰਿਪੋਰਟਰ, ਜਲੰਧਰ : ਸੀ ਆਈ ਏ ਸਟਾਫ ਦੀ ਪੁਲਿਸ ਨੇ ਮੁਖਬਰ ਖਾਸ ਦੀ ਸੂਚਨਾ 'ਤੇ ਜਦ ਫੋਕਲ ਪੁਆਇੰਟ ਵਿੱਚ ਨਾਕਾਬੰਦੀ ਕੀਤੀ ਤਾਂ ਪੁਲਿਸ ਨਾਕਾ ਦੇਖ ਕੇ ਸ਼ਰਾਬ ਦੇ ਸਮੱਗਲਰ ਆਪਣੀ ਬਲੈਰੋ ਗੱਡੀ ਨਾਕੇ ਤੋਂ ਪਹਿਲਾਂ ਹੀ ਰੋਕ ਕੇ ਆਪ ਹੇਠਾਂ ਉੱਤਰ ਕੇ ਭੱਜ ਗਏ। ਪੁਲਿਸ ਨੇ ਗੱਡੀ ਵਿੱਚੋਂ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਅਤੇ ਨੰਬਰ ਪਲੇਟਾਂ ਬਰਾਮਦ ਕੀਤੀਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ ਸੀ ਪੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਏਐੱਸਆਈ ਤਰਲੋਚਨ ਸਿੰਘ ਪੁਲਿਸ ਪਾਰਟੀ ਸਮੇਤ ਫੋਕਲ ਪੁਆਇੰਟ ਵਿੱਚ ਮੌਜੂਦ ਸਨ ਕਿ ਮੁਖਬਰ ਖਾਸ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਜੋਲੀ ਵਿੱਜ ਵਾਸੀ ਬਾਬਾ ਚੜ੍ਹਤ ਸਿੰਘ ਨਗਰ ਗੁੜ ਮੰਡੀ ਜਲੰਧਰ ਅਤੇ ਰਾਜਾ ਟਾਇਰ ਜੋ ਕਿ ਨਾਜਾਇਜ਼ ਸਰਾਬ ਵੇਚਣ ਦਾ ਧੰਦਾ ਕਰਦੇ ਹਨ, ਇਸ ਵੇਲੇ ਆਪਣੀ ਬਲੈਰੋ ਗੱਡੀ ਨੰਬਰ ਪੀ ਬੀ 08 ਸੀ ਐੱਚ 6068 ਵਿੱਚ ਨਾਜਾਇਜ਼ ਸ਼ਰਾਬ ਦੀ ਸਪਲਾਈ ਦੇਣ ਲਈ ਗਦਈਪੁਰ ਤੋਂ ਫੋਕਲ ਪੁਆਇੰਟ ਵੱਲ ਆ ਰਹੇ ਹਨ। ਪੁਲਿਸ ਪਾਰਟੀ ਨੇ ਨਾਕਾਬੰਦੀ ਸਖ਼ਤ ਕਰ ਦਿੱਤੀ। ਉਕਤ ਨੰਬਰ ਦੀ ਗੱਡੀ ਜਦ ਨਾਕੇ ਦੇ ਨਜ਼ਦੀਕ ਆਈ ਤਾਂ ਗੱਡੀ ਸਵਾਰ ਨੌਜਵਾਨਾਂ ਨੇ ਗੱਡੀ ਨਾਕੇ ਤੋਂ ਪਹਿਲਾਂ ਹੀ ਰੋਕ ਦਿੱਤੀ ਅਤੇ ਗੱਡੀ ਵਿੱਚੋਂ ਉਤਰ ਕੇ ਗਲੀਆਂ ਵਿੱਚ ਭੱਜ ਗਏ ਜਦ ਪੁਲਿਸ ਪਾਰਟੀ ਨੇ ਉਕਤ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਵਿੱਚੋਂ ਦਸ ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਨਾਜਾਇਜ਼ ਸਰਾਬ ਅਤੇ ਗੱਡੀ ਕਬਜ਼ੇ ਵਿੱਚ ਲੈ ਲਈ। ਏਸੀਪੀ ਨੇ ਦੱਸਿਆ ਕਿ ਫਰਾਰ ਸਮੱਗਲਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੋਲੀ ਦੇ ਖਿਲਾਫ ਪਹਿਲਾਂ ਵੀ ਸ਼ਰਾਬ ਤਸਕਰੀ ਦੇ ਮਾਮਲੇ ਦਰਜ ਹਨ।