ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰਬਰ ਅੱਠ ਦੀ ਹੱਦ 'ਚ ਪੈਂਦੇ ਲੰਮਾ ਪਿੰਡ ਨਜ਼ਦੀਕ ਸਥਿਤ ਗੁਲਮਰਗ ਕਾਲੋਨੀ 'ਚ ਪਰਵਾਸੀ ਮਜ਼ਦੂਰਾਂ ਲਈ ਬਣੇ ਕੁਆਰਟਰਾਂ 'ਚ ਰਹਿੰਦੇ ਇਕ ਨੌਜਵਾਨ ਨੇ ਆਪਣੇ ਨਾਲ ਦੇ ਕਮਰੇ 'ਚ ਰਹਿਣ ਵਾਲੀ ਇਕ ਛੇ ਸਾਲਾ ਅਪਾਹਿਜ ਬੱਚੀ ਨੂੰ ਕੁਰਕਰੇ ਦਿਵਾਉਣ ਦਾ ਝਾਂਸਾ ਦੇ ਕੇ ਖੇਤਾਂ 'ਚ ਲਿਜਾ ਕੇ ਉਸ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ 8 ਦੇ ਮੁਖੀ ਸਬ-ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਲਮਰਗ ਕਾਲੋਨੀ 'ਚ ਰਹਿਣ ਵਾਲੀ ਇਕ ਮਹਿਲਾ ਨੇ ਸ਼ਿਕਾਇਤ ਦਿੱਤੀ ਸੀ ਕਿ ਇਹ ਇਕ ਟੂਟੀਆਂ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕਰਦੀ ਹੈ ਅਤੇ ਉਸ ਦਾ ਪਤੀ ਪਿੰਡ 'ਚ ਹੀ ਰਹਿੰਦਾ ਹੈ।

ਉਹ ਆਪਣੀ ਛੇ ਸਾਲ ਦੀ ਬੱਚੀ, ਜੋ ਕਿ ਅਪਾਹਿਜ ਹੈ, ਨੂੰ ਘਰ ਛੱਡ ਕੇ ਕੰਮ 'ਤੇ ਚਲੀ ਗਈ ਸੀ। ਸ਼ਾਮ ਵੇਲੇ ਉਸ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਕੁਆਰਟਰਾਂ ਦੇ 'ਚ ਹੀ ਰਹਿਣ ਵਾਲਾ ਹਨੀ ਵਾਸੀ ਭੋਗਪੁਰ ਉਸ ਦੀ ਬੱਚੀ ਨੂੰ ਕੁਰਕਰੇ ਦਿਵਾਉਣ ਦਾ ਝਾਂਸਾ ਦੇ ਕੇ ਲੈ ਗਿਆ ਹੈ, ਜਿਸ 'ਤੇ ਪੁਲਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ। ਪੁਲੀਸ ਨੇ ਬੱਚੀ ਨੂੰ ਸਿਵਲ ਹਸਪਤਾਲ 'ਚ ਮੈਡੀਕਲ ਜਾਂਚ ਲਈ ਲਿਆਂਦਾ। ਉਨ੍ਹਾਂ ਨੇ ਬੱਚੀ ਨੂੰ ਲਿਜਾਉਣ ਵਾਲੇ ਹਨੀ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ। ਮੈਡੀਕਲ ਜਾਂਚ ਦੀ ਰਿਪੋਰਟ 'ਚ ਡਾਕਟਰਾਂ ਨੇ ਦੱਸਿਆ ਹੈ ਕਿ ਬੱਚੀ ਨਾਲ ਸਿਰਫ ਜਬਰ ਜਿਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਤੋਂ ਬਾਅਦ ਹਨੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।