ਏਟੀਐਮ ’ਚੋਂ ਨਿਕਲੇ ਫਟੇ-ਪੁਰਾਣੇ ਨੋਟ, ਹੰਗਾਮਾ
ਸੰਵਾਦ ਸਹਿਯੋਗੀ, ਜਾਗਰਣ ਜਲੰਧਰਜਲੰਧਰ
Publish Date: Tue, 09 Dec 2025 12:24 AM (IST)
Updated Date: Tue, 09 Dec 2025 04:18 AM (IST)
ਸੰਵਾਦ ਸਹਿਯੋਗੀ, ਜਾਗਰਣ ਜਲੰਧਰ ਜਲੰਧਰ ਵੈਸਟ ਹਲਕੇ ਦੇ 66 ਫੁੱਟੀ ਰੋਡ ’ਤੇ ਸਥਿਤ ਇੰਡਸਇੰਡ ਬੈਂਕ ਦੇ ਏਟੀਐੱਮ ਤੋਂ ਫਟੇ-ਪੁਰਾਣੇ ਨੋਟ ਨਿਕਲਣ ’ਤੇ ਲੋਕਾਂ ਨੇ ਐਤਵਾਰ ਰਾਤ ਬਹੁਤ ਹੰਗਾਮਾ ਕੀਤਾ। ਹੰਗਾਮੇ ਦੌਰਾਨ ਲੋਕਾਂ ਦੀ ਭੀੜ ਦੇਖ ਕੇ ਏਟੀਐੱਮ ਦੇ ਸੁਰੱਖਿਆ ਮੁਲਾਜ਼ਮ ਨੇ ਇਸ ਬਾਰੇ ਬੈਂਕ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਬੈਂਕ ਦੇ ਅਧਿਕਾਰੀ ਨੇ ਏਟੀਐੱਮ ਮਸ਼ੀਨ ਬੰਦ ਕਰਵਾਈ ਤੇ ਏਟੀਐੱਮ ਦੇ ਬਾਹਰ ਹੰਗਾਮਾ ਕਰ ਰਹੇ ਪੀੜਤਾਂ ਨੂੰ ਨੋਟਾਂ ਦੀ ਜਾਂਚ ਕਰਨ ਦੇ ਬਾਅਦ ਪੈਸੇ ਵਾਪਸ ਕਰਨ ਦਾ ਵਾਅਦਾ ਕਰ ਕੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਏਟੀਐਮ ਤੋਂ ਪੈਸੇ ਕੱਢਣ ਵਾਲੇ ਰਾਜਵੀਰ ਨੇ ਦੱਸਿਆ ਕਿ ਉਹ ਇਕ ਨਿੱਜੀ ਕੰਪਨੀ ’ਚ ਕੰਮ ਕਰਦਾ ਹੈ ਤੇ ਉਸ ਨੂੰ 2 ਦਿਨ ਪਹਿਲਾਂ ਸੈਲਰੀ ਮਿਲੀ ਸੀ, ਜਿਸ ਨੂੰ ਕੱਢਣ ਲਈ ਉਹ ਏਟੀਐੱਮ ਆਇਆ ਸੀ। ਉਸ ਨੇ ਏਟੀਐਮ ਤੋਂ 10,000 ਰੁਪਏ ਕੱਢੇ ਪਰ ਨੋਟਾਂ ਦੀ ਹਾਲਤ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਉਸ ਨੇ ਕਿਹਾ ਕਿ ਕਈ ਨੋਟਾਂ ’ਤੇ ਆਰਬੀਆਈ ਦੀ ਲਿਖੀ ਹੋਈ ਹਰੀ ਪੱਟੀ ਵੀ ਨਹੀਂ ਸੀ। ਉਹ ਏਟੀਐਮ ਦੇ ਬਾਹਰ ਖੜ੍ਹਾ ਹੋ ਗਿਆ। ਉਸੇ ਦੌਰਾਨ 2 ਤੋਂ 3 ਹੋਰ ਲੋਕ ਵੀ ਏਟੀਐਮ ਤੋਂ ਪੈਸੇ ਕੱਢਣ ਲਈ ਆਏ ਤੇ ਉਨ੍ਹਾਂ ਦੇ ਵੀ ਕੁੱਝ ਨੋਟ ਠੀਕ ਨਹੀਂ ਨਿਕਲੇ।