ਮਦਨ ਭਾਰਦਵਾਜ, ਜਲੰਧਰ : ਰੀਅਲ ਅਸਟੇਟ ਰੈਗੂਲੇਰਟੀ ਅਥਾਰਟੀ (ਰੇਰਾ) ਮੋਹਾਲੀ ਨੇ ਇੰਪਰੂਵਮੈਂਟ ਟਰੱਸਟ ਨੂੰ ਸੂਰਿਆ ਇਨਕਲੇਵ ਐਕਸਟੈਂਸ਼ਨ ਦੇ 4 ਕੇਸਾਂ 'ਚ 6 ਦਸੰਬਰ ਨੂੰ ਤਲਬ ਕੀਤਾ ਹੈ। ਵਰਨਣਯੋਗ ਹੈ ਕਿ ਚਾਰ ਅਲਾਟੀਆਂ ਜੇਐੱਮ ਸ਼ਰਮਾ, ਕਰਨਲ ਰਾਕੇਸ਼, ਸ੍ਰੀਮਤੀ ਪੂਨਮ ਕਪੂਰ ਤੇ ਪ੍ਰਸ਼ੋਤਮ ਲਾਲ ਨੇ ਬੀਤੀ 4 ਸਤੰਬਰ ਨੂੰ ਟਰੱਸਟ ਦੇ ਖਿਲਾਫ ਕੇਸ ਦਰਜ ਕੀਤਾ ਸੀ। ਇਸ ਦੌਰਾਨ ਰੇਰਾ ਨੇ ਟਰੱਸਟ ਨੂੰ ਪੇਸ਼ ਹੋਣ ਤੇ ਸੂਰਿਆ ਐਨਕਲੇਵ ਐਕਸਟੈਂਸ਼ਨ ਦਾ ਸਟੇਟਸ ਸਬੰਧੀ ਜਵਾਬ ਦੇਣ ਲਈ 4 ਵਾਰ ਨੋਟਿਸ ਭੇਜੇ ਸਨ, ਪਰ ਟਰੱਸਟ ਵੱਲੋਂ ਇਕ ਵਾਰ ਵੀ ਜਵਾਬ ਪੇਸ਼ ਨਹੀਂ ਕੀਤਾ ਗਿਆ। ਇਸ 'ਤੇ ਰੇਰਾ ਨੇ ਇੰਪਰੂਵਮੈਂਟ ਟਰੱਸਟ ਨੂੰ ਆਖਰੀ ਵਾਰ ਨੋਟਿਸ ਭੇਜ ਕੇ ਚਿਤਾਵਨੀ ਦਿੱਤੀ ਹੈ ਕਿ ਉਹ 6 ਦਸੰਬਰ ਨੂੰ ਪੇਸ਼ ਹੋਵੇ ਤੇ ਉਕਤ ਕੇਸਾਂ ਸਬੰਧੀ ਬਹਿਸ ਕਰੇ। ਇਸ ਤੋਂ ਇਲਾਵਾ ਪ੍ਰਤੀ ਕੇਸ 1000 ਰੁਪਏ ਜੁਰਮਾਨਾ ਦੀ ਰਕਮ ਵੀ ਜਮ੍ਹਾ ਕਰਵਾਉਣ ਦਾ ਕਿਹਾ ਗਿਆ ਹੈ।

ਇਸ ਦੌਰਾਨ ਰੇਰਾ ਦੇ ਜੱਜ ਨੇ ਕਿਹਾ ਹੈ ਕਿ ਉਕਤ ਆਖਰੀ ਨੋਟਿਸ ਭੇਜਿਆਗਿਆ ਹੈ ਤੇ ਟਰੱਸਟ ਅਥਾਰਟੀ ਨੂੰ ਹਰ ਕੀਮਤ 'ਤੇ ਪੇਸ਼ ਹੋਣਾ ਪਵੇਗਾ। ਇੰਪਰੂਵਮੈਂਟ ਟਰੱਸਟ ਨੂੰ ਉਕਤ 4 ਕੇਸਾਂ ਵਿਚ ਹਜ਼ਾਰ ਰੁਪਏ ਪ੍ਰਤੀ ਕੇਸ ਦੇ ਹਿਸਾਬ ਨਾਲ 4 ਹਜ਼ਾਰ ਰੁਪਏ ਦੀ ਰਕਮ ਵੀ ਜਮ੍ਹਾ ਕਰਾਉਣੀ ਹੋਵੇਗੀ। ਵਰਨਣਯੋਗ ਹੈ ਕਿ ਪਿਛਲੇ 7 ਸਾਲਾਂ ਦੌਰਾਨ ਟਰੱਸਟ ਨੇ ਜਿੰਨੀਆਂ ਵੀ ਸਕੀਮਾਂ ਜਾਰੀ ਕੀਤੀਆਂ ਸਨ, ਉਨ੍ਹਾਂ ਵਿਚ ਲੋਕਾਂ ਨੂੰ ਪ੍ਰੇਸ਼ਾਨੀ ਦਾ ਹੀ ਸਾਹਮਣਾ ਕਰਨਾ ਪਿਆ ਹੈ ਤੇ ਉਹ ਅਜੇ ਤਕ ਅਦਾਲਤਾਂ ਦੇ ਚੱਕਰ ਲਾ ਕੇ ਟਰੱਸਟ ਤੋਂ ਜਵਾਬ ਤੇ ਹਰਜਾਨਾ ਪ੍ਰਾਪਤ ਕਰਨ ਲਈ ਯਤਨਸ਼ੀਲ ਰਹੇ ਹਨ।