ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਥਾਣਾ ਮਾਡਲ ਟਾਊਨ ਅਧੀਨ ਪੈਂਦੇ ਪਿੰਡ ਪਿਪਲਾਂਵਾਲਾ ਵਿਖੇ ਨੌਜਵਾਨਨੇ ਵਿਆਹੁਤਾ ਦਾ ਕਤਲ ਕਰਕੇ ਲਾਸ਼ ਬੋਰੀ 'ਚ ਪਾ ਕੇ ਝਾੜੀਆਂ ਵਿਚ ਸੁੱਟ ਦਿੱਤੀ। ਪੁਲਿਸ ਨੇ ਭਾਲ ਕਰਨ ਤੋਂ ਬਾਅਦ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਪ੍ਰੇਮ ਲਤਾ ਪਤਨੀ ਅਜੈ ਕੁਮਾਰ ਵਾਸੀ ਪਿੰਡ ਰੋਠੀਆਂ ਬਠੀਆ ਵਜੋਂ ਹੋਈ ਹੈ। ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।ਇਸ ਦੌਰਾਨ ਮ੍ਰਿਤਕਾ ਦੇ ਪਤੀ ਅਜੈ ਕੁਮਾਰ ਨੇ ਦੱਸਿਆ ਕਿ ਪ੍ਰੇਮ ਲਤਾ ਬਜ਼ੁਰਗਾਂ ਦੀ ਦੇਖ ਭਾਲ ਕਰਨ ਦਾ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਦੇ ਅਸ਼ੋਕ ਕੁਮਾਰ ਨਾਮ ਦੇ ਵਿਅਕਤੀ ਨਾਲ ਪਿਛਲੇ ਪੰਜ ਸਾਲਾਂ ਤੋਂ ਨਾਜਾਇਜ਼ ਸਬੰਧ ਸਨ। ਬੀਤੇ ਦਿਨੀ ਉਹ ਘਰ ਇਹ ਕਹਿ ਕੇ ਆਈ ਸੀ ਕਿ ਮੈਂ ਵਾਟਰ ਕੁਲਰ ਲੈਣ ਜਾ ਰਹੀ ਹਾਂ। ਉਸ ਤੋਂ ਬਾਅਦ ਉਸ ਨੂੰ ਕਈ ਵਾਰ ਫੋਨ ਕੀਤਾ ਪਰ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਸੀ, ਜਿਸ ਦੀ ਪਰਿਵਾਰ ਵੱਲੋਂ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕਾ ਦੋ ਬੱਚਿਆਂ ਦੀ ਮਾਂ ਸੀ।


ਅਸ਼ੋਕ ਕੁਮਾਰ ਨੇ ਕਤਲ ਕਰਕੇ ਦਿੱਤੀ ਸੀ ਸਰਪੰਚ ਨੂੰ ਸੂਚਨਾ

ਮ੍ਰਿਤਕਾ ਦੇ ਪਤੀ ਅਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਰੋਠੀਆਂ ਬਠੀਆ ਦੇ ਸਰਪੰਚ ਨੇ ਫੋਨ ਕਰਕੇ ਦੱਸਿਆ ਕਿ ਕਿਸੇ ਅਸ਼ੋਕ ਕੁਮਾਰ ਨਾਮ ਦੇ ਵਿਅਕਤੀ ਨੇ ਫੋਨ ਕਰਕੇ ਦੱਸਿਆ ਹੈ ਕਿ ਉਸ ਨੇ ਪ੍ਰੇਮ ਲਤਾ ਦਾ ਕਤਲ ਕਰਕੇ ਲਾਸ਼ ਨੂੰ ਬੋਰੀ ਵਿਚ ਪਾ ਕੇ ਝਾੜੀਆਂ ਵਿਚ ਸੁੱਟ ਦਿੱਤੀ ਹੈ। ਉਸ ਨੇ ਦੱਸਿਆ ਕਿ ਸਰਪੰਚ ਵੱਲੋਂ ਮਿਲੀ ਸੂਚਨਾ 'ਤੇ ਜਦੋਂ ਉਨ੍ਹਾਂ ਮੁਲਜ਼ਮ ਵੱਲੋਂ ਦੱਸੀ ਜਗ੍ਹਾ 'ਤੇ ਜਾ ਕੇ ਦੇਖਿਆ ਤਾਂ ਉਥੇ ਪਈ ਬੋਰੀ ਨੂੰ ਜਦੋਂ ਖੋਲ ਕਿ ਦੇਖਿਆ ਤਾਂ ਉਸ ਵਿਚ ਪ੍ਰੇਮ ਲਤਾ ਦੀ ਲਾਸ਼ ਪਈ ਹੋਈ ਸੀ। ਇਸ ਸਬੰਧੀ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਆਪਣੇ ਕਬਜ਼ੇ 'ਚ ਲੈਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰਖਵਾ ਦਿੱਤੀ ਹੈ।


ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮਾਡਲ ਟਾਊਨ ਦੇ ਏਐੱਸਆਈ ਜੁਗਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਪ੍ਰੇਮ ਲੱਤਾ ਦੇ ਪਤੀ ਅਜੈ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਅਸ਼ੋਕ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: Jagjit Singh