ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ

ਗੜ੍ਹਸ਼ੰਕਰ-ਨੰਗਲ ਰੋਡ 'ਤੇ ਸਥਿਤ ਪਿੰਡ ਸ਼ਾਹਪੁਰ ਲਾਗੇ ਐਤਵਾਰ ਸਵੇਰੇ 6 ਵਜੇ ਦੇ ਕਰੀਬ ਇੱਕ ਗਟਕੇ ਨਾਲ ਓਵਰਲੋਡ ਟਿੱਪਰ ਅਤੇ ਟਰੈਕਟਰ-ਟਰਾਲੀ ਦੇ ਆਹਮੋ ਸਾਹਮਣੇ ਟੱਕਰ ਹੋ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਪਹੁੰਚੇ ਏਐਸਆਈ ਕੌਸ਼ਲ ਚੰਦਰ ਨੇ ਦੱਸਿਆ ਕਿ ਨਵਜੀਤ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਧੰਜਲ ਜ਼ਿਲ੍ਹਾ ਕਪੂਰਥਲਾ ਆਪਣੇ ਟਰੈਕਟਰ ਟਰਾਲੀ ਤੇ ਪਰਾਲੀ ਲੈ ਕੇ ਹਿਮਾਚਲ ਵੱਲ ਜਾ ਰਿਹਾ ਸੀ। ਜਦ ਉਹ ਪਿੰਡ ਸ਼ਾਹਪੁਰ ਤੇ ਢਾਬੇ ਤੇ ਰੁਕਿਆ ਤਾਂ ਇੱਕ ਨੌਜਵਾਨ ਸਤਨਾਮ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਗੜੀ ਮੱਟੋ ਥਾਣਾ ਗੜ੍ਹਸ਼ੰਕਰ ਵੀ ਉਸ ਨਾਲ ਬੈਠ ਗਿਆ। ਅਜੇ ਉਹ ਕੁਝ ਦੂਰੀ ਤੇ ਹੀ ਗਏ ਸਨ ਕਿ ਸਾਹਮਣੇ ਤੋਂ ਆ ਰਿਹਾ ਗਟਕੇ ਨਾਲ ਓਵਰਲੋਡ ਇਕ ਟਿੱਪਰ ਪਹਿਲਾਂ ਇਕ ਦੁੱਧ ਵਾਲੀ ਗੱਡੀ ਨਾਲ ਟਕਰਾਇਆ ਜਿਸ ਵਿਚ ਡਰਾਈਵਰ ਫ਼ੱਟੜ ਹੋ ਗਿਆ ਅਤੇ ਫਿਰ ਟਰੈਕਟਰ ਟਰਾਲੀ ਨਾਲ ਨਾਲ ਆਹਮੋ-ਸਾਹਮਣੇ ਟਕਰਾ ਗਿਆ। ਇਸ ਹਾਦਸੇ ਵਿਚ ਸਤਨਾਮ ਸਿੰਘ (32) ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਟਰੈਕਟਰ ਅਤੇ ਦੁਧ ਵਾਲੀ ਗੱਡੀ ਬੁਰੀ ਤਰਾਂ੍ਹ ਨੁਕਸਾਨੇ ਗਏ। ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਅਣਪਛਾਤੇ ਟਿੱਪਰ ਚਾਲਕ ਖ਼ਲਿਾਫ਼ ਓਵਰਲੋਡ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ। ਸਤਨਾਮ ਸਿੰਘ ਦੀ ਮਿ੍ਤਕ ਦੇਹ ਨੂੰ ਸਰਕਾਰੀ ਹਸਪਤਾਲ ਵਿਖੇ ਰੱਖਿਆ ਗਿਆ ਜਿੱਥੇ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।