ਸੰਦੀਪ ਬੈਂਸ, ਨਵਾਂਸ਼ਹਿਰ : ਇਕ ਦਰਦਨਾਕ ਸੜਕ ਹਾਦਸੇ ਵਿਚ ਸਕੂਟਰੀ ਸਵਾਰ ਅੌਰਤ ਦੀ ਮੌਤ ਅਤੇ ਉਸ ਦੇ ਪਤੀ ਅਤੇ ਧੀ ਦੇ ਗੰਭੀਰ ਰੂਪ 'ਚ ਫੱਟੜ ਹੋ ਜਾਣ ਦਾ ਮਾਮਲਾ ਪੁਲਿਸ ਥਾਣਾ ਸਦਰ ਨਵਾਂਸ਼ਹਿਰ ਵਿਖੇ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਘਟਨਾ ਸਬੰਧੀ ਪੁਲਿਸ ਨੂੰ ਦਿੱਤੇ ਬਿਆਨ ਵਿਚ ਮਿ੍ਤਕ ਅੌਰਤ ਦੇ ਭਰਾ ਗੁਰਪ੍ਰਰੀਤ ਰਾਏ ਪੁੱਤਰ ਸੰਤੋਖ ਦਾਸ ਵਾਸੀ ਪਿੰਡ ਬੈਂਸ ਥਾਣਾ ਸਦਰ ਨਵਾਂਸ਼ਹਿਰ ਨੇ ਦੱਸਿਆ ਕਿ ਲੰਘੀ 11 ਅਗਸਤ ਨੂੰ ਕਰੀਬ 1 ਵਜੇ ਉਸ ਦੀ ਭੈਣ ਨੀਲਮ ਰਾਣੀ ਆਪਣੇ ਪਤੀ ਜਗੀਰ ਸਿੰਘ ਅਤੇ ਪੁੱਤਰੀ ਨਾਲ ਪਿੰਡ ਬੇਗਮਪੁਰ ਤੋਂ ਸਕੂਟਰੀ 'ਤੇ ਸਵਾਰ ਹੋ ਕੇ ਰੱਖੜੀ ਬੰਨ੍ਹਣ ਲਈ ਪਿੰਡ ਬੈਂਸ ਨੂੰ ਆ ਰਹੇ ਸਨ ਅਤੇ ਉਹ ਵੀ ਪਿੰਡ ਮੱਲਪੁਰ ਅੜਕਾਂ ਦੇ ਬੱਸ ਅੱਡੇ 'ਤੇ ਖੜ੍ਹਾ ਉਨਾਂ੍ਹ ਦੀ ਉਡੀਕ ਕਰ ਰਿਹਾ ਸੀ। ਜਦੋਂ ਉਸ ਦੀ ਭੈਣ ਅਤੇ ਜੀਜਾ ਮੱਲਪੁਰ ਅੜਕਾਂ ਵਿਖੇ ਪਹੁੰਚ ਕੇ ਸੜਕ ਕਰਾਸ ਕਰਨ ਲੱਗੇ ਤਾਂ ਬੰਗਾ ਸਾਈਡ ਤੋਂ ਤੇਜ਼ ਰਫ਼ਤਾਰ ਆ ਰਹੇ ਅਣਪਛਾਤੇ ਵਾਹਨ ਦੇ ਅਣਪਛਾਤੇ ਚਾਲਕ ਨੇ ਉਨਾਂ੍ਹ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਉਹ ਸੜਕ 'ਤੇ ਡਿੱਗ ਪਏ। ਗੰਭੀਰ ਸੱਟਾਂ ਲੱਗਣ ਕਾਰਨ ਰਾਹਗੀਰਾਂ ਦੀ ਮਦਦ ਨਾਲ ਉਨਾਂ੍ਹ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਨੀਲਮ ਰਾਣੀ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਪਰ ਚੰਡੀਗੜ੍ਹ ਨੂੰ ਜਾਂਦੇ ਸਮੇਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ। ਮੁਦਈ ਵੱਲੋਂ ਦਿੱਤੇ ਗਏ ਬਿਆਨ 'ਤੇ ਏਐੱਸਆਈ ਸੁਰਿੰਦਰ ਪਾਲ ਵੱਲੋਂ ਅਣਪਛਾਤੇ ਵਾਹਨ ਦੇ ਅਣਪਛਾਤੇ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਮੁਲਜ਼ਮ ਦੀ ਗਿ੍ਫਤਾਰੀ ਹਾਲੇ ਬਾਕੀ ਹੈ।