ਸਤਨਾਮ ਲੋਈ, ਮਾਹਿਲਪੁਰ : ਪਿੰਡ ਹਵੇਲੀ ਨਜ਼ਦੀਕ ਇਕ ਅੰਬਾਂ ਦੇ ਬਾਗ 'ਚੋਂ ਕੁੱਝ ਵਿਅਕਤੀਆਂ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਬਿਨਾਂ ਜੰਗਲਾਤ ਵਿਭਾਗ ਦੀ ਆਗਿਆ ਦੇ ਦਰਜਨ ਤੋਂ ਵੱਧ ਅੰਬਾਂ ਦੇ ਦਰਖ਼ਤ ਵੱਢ ਲਏ। ਜੰਗਲਾਤ ਵਿਭਾਗ ਨੇ ਮਾਹਿਲਪੁਰ ਪੁਲਿਸ ਨੂੰ ਸ਼ਿਕਾਇਤ ਦੇ ਕੇ ਦੋਸ਼ੀ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ਹੈ। ਮਾਹਿਲਪੁਰ ਦੇ ਵਣਗਾਰਡ ਗਗਨਦੀਪ ਸਿੰਘ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਜ਼ਿਲ੍ਹਾ ਡਿਪਟੀ ਕਮਿਸ਼ਨਰ ਵਲੋਂ ਲਗਾਈ ਦਫ਼ਾ 144 ਦੀ ਮਿਆਦ 22 ਅਕਤੂਬਰ ਹੈ ਪਿੰਡ ਹਵੇਲੀ ਦੇ ਬਾਹਰਵਾਰ ਅੰਬਾਂ ਦੇ ਇਕ ਬਾਗ ਵਿਚ ਕੁੱਝ ਵਿਅਕਤੀਆਂ ਨੇ ਦਰਜਨ ਦੇ ਕਰੀਬ ਅੰਬਾਂ ਦੇ ਹਰੇ ਦਰਖ਼ਤਾਂ ਨੂੰ ਵੱਢ ਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੰਬਾਂ ਦੇ ਦਰਖ਼ਤਾਂ ਦੀ ਪਰਜਾਤੀ ਨੂੰ ਅਲੋਪ ਰਹੇ ਦਰਖ਼ਤਾਂ ਦੀ ਪਰਜਾਤੀ ਹੈ ਅਤੇ ਦਰਖ਼ਤ ਵੱਢਣ ਵਾਲੇ ਵਿਅਕਤੀਆਂ ਨੇ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜੂਨ 2019 ਵਿਚ ਵੀ ਇਸ ਥਾਂ ਤੋਂ ਦੋ ਦਰਜਨ ਦੇ ਕਰੀਬ ਅੰਬਾਂ ਦੇ ਹਰੇ ਦਰਖ਼ਤਾਂ ਦੀ ਵਢਾਈ ਕੀਤੀ ਸੀ ਤੇ ਜੰਗਲਾਤ ਵਿਭਾਗ ਦੀ ਸ਼ਿਕਾਇਤ 'ਤੇ ਇੱਕ ਵਿਅਕਤੀ 'ਤੇ ਮਾਮਲਾ ਵੀ ਦਰਜ਼ ਹੋਇਆ ਸੀ। ਉਨ੍ਹਾਂ ਦੱਸਿਆ ਕਿ ਹੁਣ ਵੀ ਇਸ ਥਾਂ 'ਤੇ ਹੀ ਅੰਬਾਂ ਦੇ ਦਰਖ਼ਤਾਂ ਦੀ ਕਟਾਈ ਕੀਤੀ ਗਈ ਹੈ। ਇਸ ਸਬੰਧੀ ਵਣਗਾਰਡ ਗਗਨਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਵੱਢੇ ਗਏ ਦਰਖ਼ਤਾਂ ਸਬੰਧੀ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮੌਕਾ ਦੇਖਣ ਤੋਂ ਬਾਅਦ ਕਥਿਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਜਾਵੇਗਾ ।