ਮੈਡੀਕਲ ਅਫਸਰਾਂ, ਕਮਿਊਨਿਟੀ ਅਫਸਰਾਂ ਅਤੇ ਆਸ਼ਾ ਵਰਕਰਾਂ ਨੂੰ ਦਿੱਤੀ ਸਿਖਲਾਈ

ਰਮੇਸ਼ ਸ਼ਰਮਾ, ਨਵਾਂਸ਼ਹਿਰ : ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ, ਲੁਧਿਆਣਾ ਅਤੇ ਜ਼ਿਲ੍ਹਾ ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਸਾਂਝੇ ਤੌਰ 'ਤੇ ਜ਼ਿਲ੍ਹੇ ਵਿਚ ਮਿਰਗੀ ਦੀ ਬਿਮਾਰੀ ਦੇ ਬਿਹਤਰੀਨ ਇਲਾਜ ਲਈ ਸਿਹਤ ਬਲਾਕ ਮੁਜ਼ੱਫਰਪੁਰ ਵਿਖੇ ਪਾਇਲਟ ਪੋ੍ਜੈਕਟ ਦੇ ਤੌਰ 'ਤੇ 'ਸਟੋਪ ਐਪੀਲੈਪਸੀ ਪੋ੍ਜੈਕਟ' ਸ਼ੁਰੂ ਕਰੇਗਾ। ਇਸ ਲਈ ਸਿਹਤ ਬਲਾਕ ਮੁਜ਼ੱਫਰਪੁਰ ਦੀ ਤਕਰੀਬਨ 60 ਹਜ਼ਾਰ ਆਬਾਦੀ ਦੀ ਚੋਣ ਕੀਤੀ ਗਈ ਹੈ। ਜਿੱਥੇ ਆਸ਼ਾ ਵਰਕਰਾਂ ਘਰ-ਘਰ ਜਾ ਕੇ ਮਿਰਗੀ ਤੋਂ ਪੀੜਤ ਲੋਕਾਂ ਦੀ ਪਛਾਣ ਕਰਨਗੀਆਂ ਅਤੇ ਇਸ 'ਸਟੋਪ ਐਪੀਲੈਪਸੀ ਪੋ੍ਜੈਕਟ' ਤਹਿਤ ਮਿਰਗੀ ਤੋਂ ਪੀੜਤ ਲੋਕਾਂ ਦੀ ਪਛਾਣ ਹੋਣ ਉਪਰੰਤ ਉਨਾਂ੍ਹ ਨੂੰ ਬਿਹਤਰ ਇਲਾਜ ਲਈ ਮਾਹਰ ਡਾਕਟਰਾਂ ਕੋਲ ਭੇੇਜਣਾ ਯਕੀਨੀ ਬਣਾਉਣਗੀਆਂ। ਇਸ ਸਬੰਧੀ ਸਿਹਤ ਬਲਾਕ ਮੁਜ਼ੱਫਰਪੁਰ 'ਚ ਮੈਡੀਕਲ ਅਫਸਰਾਂ ਅਤੇ ਕਮਿਊਨਿਟੀ ਹੈਲਥ ਅਫਸਰਾਂ ਨੂੰ ਮਿਰਗੀ ਦੇ ਮਰੀਜ਼ਾਂ ਨੂੰ ਵਿਆਪਕ ਦੇਖਭਾਲ ਪ੍ਰਦਾਨ ਕਰਨ ਅਤੇ ਆਸ਼ਾ ਵਰਕਰਾਂ ਨੂੰ ਸਰਵੇ ਤੇ ਜਾਗਰੂਕਤਾ ਸਬੰਧੀ ਸਿਖਲਾਈ ਦਿੱਤੀ ਗਈ।

ਇਸ ਦੌਰਾਨ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਨਿਊਰੋਲੋਜੀ ਵਿਭਾਗ ਦੇ ਮੁੱਖੀ ਪੋ੍ਫੈਸਰ ਡਾ. ਗਗਨਦੀਪ ਸਿੰਘ, ਡਾ. ਰਜਿੰਦਰ ਬਾਂਸਲ ਅਤੇ ਡਾ. ਸਰਿਸ਼ਟੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਇਸ ਸਿਖਲਾਈ ਦਾ ਮੁੱਖ ਉਦੇਸ਼ ਮਿਰਗੀ ਦੇ ਇਲਾਜ ਪ੍ਰਬੰਧਨ ਲਈ ਪ੍ਰਰਾਈਮਰੀ ਕੇਅਰ 'ਚ ਮੈਡੀਕਲ ਸਟਾਫ ਦੀ ਸਮਰੱਥਾ ਵਿਚ ਵਾਧਾ ਕਰਨਾ ਹੈ। ਇਹ ਪੋ੍ਜੈਕਟ ਮਿਰਗੀ ਵਾਲੇ ਲੋਕਾਂ ਨੂੰ ਬਿਹਤਰ ਸਿਹਤ ਦੇਖਭਾਲ ਸੇਵਾਵਾਂ ਪ੍ਰਦਾਨ ਕਰੇਗਾ। ਉਨਾਂ੍ਹ ਦਿਵਾਇਆ ਕਿ ਡੀਐੱਮਸੀਐੱਚ ਇਕ ਸਿਹਤਮੰਦ ਸਮਾਜ ਦੀ ਸਥਾਪਨਾ ਲਈ ਜ਼ਿਲ੍ਹਾ ਸਿਹਤ ਵਿਭਾਗ ਦੇ ਨਾਲ ਮਿਲ ਕੇ ਕੰਮ ਕਰੇਗਾ ਅਤੇ ਜ਼ਿਲ੍ਹੇ 'ਚੋਂ ਇਸ ਬਿਮਾਰੀ ਨੂੰ ਖ਼ਤਮ ਕਰਨ ਅਤੇ ਡੀਐੱਮਸੀਐੱਚ ਦੇ ਸੁਪਰ-ਸਪੈਸ਼ਲਿਸਟ ਡਾਕਟਰਾਂ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਪੂਰਾ ਸਹਿਯੋਗ ਪ੍ਰਦਾਨ ਕਰੇਗਾ। ਅੰਤ ਵਿਚ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਉਨਾਂ੍ਹ ਕਿਹਾ ਕਿ ਇਸ ਪੋ੍ਜੈਕਟ ਤਹਿਤ ਨਵਾਂਸ਼ਹਿਰ ਜ਼ਿਲ੍ਹੇ 'ਚ ਮਿਰਗੀ ਤੋਂ ਪੀੜਤ ਲੋਕਾਂ ਨੂੰ ਬਿਹਤਰੀਨ ਇਲਾਜ ਮਿਲ ਸਕੇਗਾ। ਬਹੁਤ ਸਾਰੀਆਂ ਮਿੱਥਾਂ ਅਤੇ ਗਲਤ ਧਾਰਨਾਵਾਂ ਦੇ ਚੱਲਦਿਆਂ ਲੋਕ ਦਵਾਈਆਂ ਅਤੇ ਡਾਕਟਰੀ ਇਲਾਜ ਅੱਧ ਵਿਚਾਲੇ ਛੱਡ ਦਿੰਦੇ ਹਨ। ਜਿਸ ਨਾਲ ਇਹ ਬਿਮਾਰੀ ਹੋਰ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਉਨਾਂ੍ਹ ਕਿਹਾ ਕਿ ਸਹੀ ਡਾਕਟਰੀ ਇਲਾਜ ਨਾਲ ਮਿਰਗੀ ਤੋਂ ਪੀੜਤ ਵਿਅਕਤੀ ਆਮ ਲੋਕਾਂ ਦੀ ਤਰਾਂ੍ਹ ਆਪਣੀ ਜ਼ਿੰਦਗੀ ਬਤੀਤ ਕਰ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾਂਜਲੀ ਸਿੰਘ, ਡਾ ਪ੍ਰਤਿਭਾ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਜਗਤ ਰਾਮ, ਜ਼ਿਲ੍ਹਾ ਪੋ੍ਗਰਾਮ ਮੈਨੇਜਰ ਰਾਮ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇੇਟਰ ਵਿਕਾਸ ਵਿਰਦੀ ਅਤੇ ਮਨਿੰਦਰ ਸਿੰਘ ਸਮੇਤ ਸਿਹਤ ਵਿਭਾਗ ਦੇ ਮੈਡੀਕਲ ਅਫਸਰ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਮਿਰਗੀ ਤੰਤੂ ਪ੍ਰਣਾਲੀ ਦਾ ਇਕ ਵਿਗਾੜ

ਉਨਾਂ੍ਹ ਦੱਸਿਆ ਕਿ ਮਿਰਗੀ ਦਿਮਾਗ ਨਾਲ ਸਬੰਧਿਤ ਤੰਤੂ ਪ੍ਰਣਾਲੀ ਦਾ ਇਕ ਵਿਗਾੜ ਹੈ। ਪਰ ਇਸ ਵਿਕਾਰ ਦੇ ਆਲੇ-ਦੁਆਲੇ ਬਹੁਤ ਸਾਰੀਆਂ ਮਿੱਥਾਂ ਅਤੇ ਗਲਤ ਧਾਰਨਾਵਾਂ ਹਨ। ਇਹ ਮਿੱਥਾਂ ਬਿਨਾਂ ਕਿਸੇ ਠੋਸ ਆਧਾਰ ਦੇ ਹਨ। ਮਿੱਥਾਂ ਅਤੇ ਗਲਤ ਧਾਰਨਾਵਾਂ ਦੇ ਚੱਲਦਿਆਂ ਭਾਰਤ ਵਿੱਚ ਜ਼ਿਆਦਾਤਰ ਲੋਕ ਮਿਰਗੀ ਦੇ ਇਲਾਜ ਤੋਂ ਦੂਰ ਰਹਿੰਦੇ ਹਨ। ਇਸ ਦਾ ਮਤਲਬ ਹੈ ਕਿ ਮਿਰਗੀ ਵਾਲੇ ਜ਼ਿਆਦਾਤਰ ਲੋਕਾਂ ਨੂੰ ਉਹ ਇਲਾਜ ਨਹੀਂ ਮਿਲਦਾ ਜੋ ਉਨਾਂ੍ਹ ਨੂੰ ਮਿਲਣਾ ਚਾਹੀਦਾ ਹੈ। ਇਹ ਪੋ੍ਜੈਕਟ ਮਿਰਗੀ ਵਾਲੇ ਲੋਕਾਂ ਨੂੰ ਡਾਇਗਨੌਸਟਿਕ ਅਤੇ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ। ਉਨਾਂ੍ਹ ਨੇ ਇਹ ਵੀ ਦੱਸਿਆ ਕਿ ਮਿਰਗੀ ਦਾ ਇਲਾਜ ਅਧੂਰਾ ਨਹੀਂ ਛੱਡਣਾ ਚਾਹੀਦਾ, ਕਿਉਂਕਿ ਇਕ ਵੀ ਗੋਲੀ ਮਿਸ ਕਰਨ ਨਾਲ ਮਿਰਗੀ ਦਾ ਦੌਰਾ ਪੈਣ ਦਾ ਖਤਰਾ ਹੋ ਸਕਦਾ ਹੈ। ਉਨਾਂ੍ਹ ਦੱਸਿਆ ਕਿ ਸਹੀ ਇਲਾਜ ਨਾਲ ਮਿਰਗੀ ਦੇ 70 ਫੀਸਦੀ ਮਰੀਜ਼ਾਂ ਦੀ ਤਿੰਨ ਤੋਂ ਪੰਜ ਸਾਲ ਤੱਕ ਦਵਾਈ ਬੰਦ ਹੋ ਜਾਂਦੀ ਹੈ।

ਮਿਰਗੀ ਦੀ ਬਿਮਾਰੀ ਦੇ ਲੱਛਣ

ਉਨਾਂ੍ਹ ਕਿਹਾ ਕਿ ਮਿਰਗੀ ਦੀ ਬਿਮਾਰੀ ਦੇ ਲੱਛਣਾਂ ਨੂੰ ਪਛਾਣ ਕਰਨਾ ਬੇਹੱਦ ਜ਼ਰੂਰੀ ਹੈ। ਇਕਦਮ ਬੇਹੋਸ਼ ਹੋ ਕੇ ਡਿੱਗਣਾ, ਸਰੀਰ ਆਕੜਣਾ, ਝਟਕੇਦਾਰ ਦੌਰੇ ਪੈਣਾ, ਮੂੰਹ 'ਚੋਂ ਝੱਗ ਨਿਕਲਣਾ, ਦੰਦਲ ਪੈਣਾ, ਪਿਸ਼ਾਬ ਕੱਪੜਿਆਂ ਵਿਚ ਨਿਕਲਣਾ ਅਤੇ ਜੀਭ ਟੁੱਕੀ ਜਾਣਾ ਇਸ ਦੇ ਲੱਛਣਾਂ ਵਿਚ ਸ਼ਾਮਲ ਹਨ। ਮਿਰਗੀ ਦਾ ਦੌਰਾ ਪੈਣ ਦੀ ਹਾਲਤ ਦੌਰਾਨ ਤੁਰੰਤ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਮਰੀਜ਼ ਦੀ ਵਿਗੜ ਰਹੀ ਹਾਲਤ ਨੂੰ ਕਾਬੂ ਕੀਤਾ ਜਾ ਸਕਦਾ ਹੈ। ਉਨਾਂ੍ਹ ਦੱਸਿਆ ਕਿ ਮਿਰਗੀ (ਐਪੀਲੈਪਸੀ) ਆਪਣੇ-ਆਪ 'ਚ ਕੋਈ ਰੋਗ ਨਹੀਂ, ਸਗੋਂ ਦਿਮਾਗ ਨਾਲ ਸਬੰਧਿਤ ਤੰਤੂ ਪ੍ਰਣਾਲੀ ਦਾ ਇੱਕ ਵਿਗਾੜ ਹੈ। ਜਿਸ 'ਚ ਦੌਰੇ ਪੈਂਦੇ ਹਨ। ਮਿਰਗੀ ਦੀ ਬਿਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ। ਮਿਰਗੀ ਦੀ ਬਿਮਾਰੀ ਦਿਮਾਗ ਵਿੱਚ ਟਿਊਮਰ ਦਾ ਹੋਣਾ, ਸਿਰ ਦੀ ਸੱਟ ਜਾਂ ਦਿਮਾਗੀ ਤਪਦਿਕ, ਦਿਮਾਗੀ ਤਣਾਅ, ਦਿਮਾਗੀ ਸੋਜਿਸ਼, ਦਿਮਾਗੀ ਲਹੂ ਨਾੜੀਆਂ ਦੇ ਨੁਕਸ, ਮੰਦਬੁੱਧੀ ਹੋਣਾ, ਦਿਮਾਗ ਵਿੱਚ ਲਾਗ ਦਾ ਹੋਣਾ, ਸ਼ਰਾਬ ਤੇ ਤੇਜ਼ ਦਵਾਈਆਂ ਕਾਰਨ ਵੀ ਹੋ ਸਕਦੀ ਹੈ।