v> ਸੈਣੀ/ਨਿੱਕੂ, ਐਮਾਂ ਮਾਂਗਟ/ਦਸੂਹਾ : ਉਪ ਮੰਡਲ ਦਸੂਹਾ ਅਧੀਨ ਪੈਂਦੇ ਪਿੰਡ ਦੋਲੋਵਾਲ ਦੇ ਇਕ ਵਿਅਕਤੀ ਵੱਲੋਂ ਆਪਣੀ ਹੀ ਪਤਨੀ ਦਾ ਗਲ ਵੱਢ ਕੇ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਿੰਦਰ ਕੁਮਾਰ ਪੁੱਤਰ ਹੰਸ ਰਾਜ ਵਾਸੀ ਦੋਲੋਵਾਲ ਨੇ ਆਪਣੀ ਹੀ ਪਤਨੀ ਕਾਂਤਾ ਦੇਵੀ (55) ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਜਿਸ ਦੀ ਸੂਚਨਾ ਮਿਲਦੇਸਾਰ ਮੌਕੇ 'ਤੇ ਡੀਐੱਸਪੀ ਮਨੀਸ਼ ਕੁਮਾਰ ਤੇ ਐੱਸਐੱਚਓ ਦਸੂਹਾ ਗੁਰਦੇਵ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੇ। ਪੁਲਿਸ ਨੂੰ ਵਾਰਦਾਤ ਸਬੰਧੀ ਬਿਆਨ ਦਿੰਦੇ ਹੋਏ ਮ੍ਰਿਤਕਾ ਦੇ ਪੁੱਤਰ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਸ਼ਰਾਬ ਪੀਣ ਦਾ ਆਦੀ ਹੈ ਤੇ ਅਕਸਰ ਉਸ ਦੀ ਮਾਂ ਨਾਲ ਝਗੜਾ ਕਰਦਾ ਸੀ, ਕੁੱਝ ਸਮੇਂ ਤੋਂ ਉਸ ਦੀ ਮਾਂ ਉਸ ਦੇ ਭਰਾ ਪ੍ਰਦੀਪ ਦੇ ਘਰ ਰਹਿੰਦੀ ਸੀ ਤੇ ਉਸ ਦਾ ਪਿਤਾ ਆਪਣੇ ਪੁਰਾਣੇ ਘਰ ਵਿਚ ਰਹਿੰਦਾ ਸੀ। ਉਸ ਨੇ ਦੱਸਿਆ ਕਿ ਪੰਚਾਇਤ 'ਚ ਫ਼ੈਸਲੇ ਤੋਂ ਬਾਅਦ ਉਸ ਦੀ ਮਾਤਾ ਪੁਰਾਣੇ ਘਰ ਸਵੇਰੇ-ਸ਼ਾਮ ਉਸ ਦੇ ਪਿਤਾ ਦੀ ਰੋਟੀ ਬਣਾਉਣ ਲਈ ਜਾਂਦੀ ਸੀ। ਹਰਦੀਪ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਪੰਚਾਇਤ 'ਚ ਆਪਣੀ ਬੇਇਜ਼ਤੀ ਮਹਿਸੂਸ ਕਰਦੇ ਰੋਟੀ ਪਕਾਉਣ ਗਈ ਉਸ ਦੀ ਮਾਤਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਆਪ ਫਰਾਰ ਹੋ ਗਿਆ। ਥਾਣਾ ਦਸੂਹਾ ਦੀ ਪੁਲਿਸ ਨੇ ਮ੍ਰਿਤਕ ਦੇ ਬੇਟੇ ਹਰਦੀਪ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਰਜਿੰਦਰ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: Susheel Khanna