ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਸ਼ੁੱਕਰਵਾਰ ਨੂੰ ਮੁਕੇਰੀਆਂ-ਤਲਵਾੜਾ ਮਾਰਗ 'ਤੇ ਸਥਿਤ ਸਥਾਨਕ ਤਹਿਸੀਲ ਕੰਪਲੈਕਸ ਵਿਚਲੇ ਐੱਸਡੀਐੱਮ ਤੇ ਤਹਿਸੀਲਦਾਰ ਦਫ਼ਤਰਾਂ ਸਮੇਤ ਸਥਾਨਕ ਪਟਵਾਰ ਖਾਨੇ ਦਾ ਅਚਨਚੇਤੀ ਦੌਰਾ ਕੀਤਾ ਤੇ ਕੰਮ ਕਰਵਾਉਣ ਪੁੱਜੇ ਹੋਏ ਲੋਕਾਂ ਨਾਲ ਦਰਪੇਸ਼ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ। ਵਿਧਾਇਕ ਮਹਾਜਨ ਦੇ ਦੌਰੇ ਮੌਕੇ ਐੱਸਡੀਐੱਮ ਸਮੇਤ ਕਈ ਦਫ਼ਤਰਾਂ ਦੀਆਂ ਕੁਰਸੀਆਂ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਖ਼ਾਲੀ ਮਿਲੀਆਂ ਜਦਕਿ ਕੰਮ ਕਰਵਾਉਣ ਪੁੱਜੇ ਹੋਏ ਲੋਕ ਖੱਜਲ-ਖੁਆਰ ਹੁੰਦੇ ਵੇਖੇ ਗਏ। ਜਾਇਜ਼ਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਜੰਗੀ ਲਾਲ ਮਹਾਜਨ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਇਲਾਕਾ ਵਾਸੀਆਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਤਹਿਸੀਲ ਕੰਪਲੈਕਸ ਵਿਚਲੇ ਵੱਖ-ਵੱਖ ਦਫ਼ਤਰਾਂ 'ਚ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਗੈਰ-ਹਾਜ਼ਰੀ ਕਾਰਨ ਦੂਰੋਂ-ਨੇੜਿਓ ਕੰਮ ਕਰਵਾਉਣ ਆਏ ਲੋਕਾਂ ਨੂੰ ਵੱਡੀ ਪੇ੍ਸ਼ਾਨੀ ਪੇਸ਼ ਆਉਂਦੀ ਹੈ ਜਦਕਿ ਕਈ ਕਰਮਚਾਰੀਆਂ ਵੱਲੋਂ ਲਾਰੇ-ਲੱਪੇ ਦੀ ਨੀਤੀ ਅਪਣਾਉਣ ਕਾਰਨ ਕਈ-ਕਈ ਚੱਕਰ ਮਾਰਨ ਮਗਰੋਂ ਵੀ ਲੋਕ ਖੱਜਲ-ਖੁਆਰ ਹੋਣ ਲਈ ਮਜ਼ਬੂਰ ਹਨ। ਉਨ੍ਹਾਂ ਦੱਸਿਆ ਕਿ ਉਹ ਸਵੇਰੇ ਸਾਢੇ 11 ਵਜੇ ਦੇ ਕਰੀਬ ਤਹਿਸੀਲ ਕੰਪਲੈਕਸ ਵਿਖੇ ਪੁੱਜੇ ਸਨ ਤੇ ਜਾਇਜ਼ਾ ਲੈਣ 'ਤੇ ਸਾਹਮਣੇ ਆਇਆ ਕਿ ਕਈ ਦਫ਼ਤਰਾਂ 'ਚੋਂ ਅਧਿਕਾਰੀ ਤੇ ਕਰਮਚਾਰੀ ਗਾਇਬ ਹਨ। ਉਨਾਂ੍ਹ ਦੱਸਿਆ ਕਿ ਹਾਜ਼ਰੀ ਰਜਿਸਟਰ ਦੀ ਜਾਂਚ ਮਗਰੋਂ ਪਤਾ ਲੱਗਾ ਕਿ ਕੁੱਝ ਕਰਮਚਾਰੀਆਂ ਦੀ ਨਾ ਤਾਂ ਹਾਜ਼ਰੀ ਲੱਗੀ ਹੈ ਤੇ ਨਾ ਹੀ ਕੋਈ ਛੁੱਟੀ ਦੀ ਅਰਜ਼ੀ ਦਰਜ ਕੀਤੀ ਗਈ ਹੈ। ਇਸੇ ਤਰਾਂ੍ਹ ਪਟਵਾਰ ਖਾਨਾ ਮੁਕੇਰੀਆਂ ਵੀ ਪਟਵਾਰੀਆਂ ਦੀ ਘਾਟ ਨਾਲ ਜੂਝ ਰਿਹਾ ਹੈ ਤੇ ਮੌਜੂਦਾ ਸਰਕਾਰ ਪੱਕੀ ਭਰਤੀ ਦੀ ਥਾਂ ਪੁਰਾਣੇ ਪਟਵਾਰੀਆਂ ਦੀਆਂ ਸੇਵਾਵਾਂ ਲੈ ਕੇ ਡੰਗ ਟਪਾਊ ਨੀਤੀ ਅਪਨਾ ਰਹੀ ਹੈ। ਵਿਧਾਇਕ ਮਹਾਜਨ ਨੇ ਰੋਸ ਪ੍ਰਗਟਾਇਆ ਕਿ ਕਾਗਜ਼ੀ ਤੌਰ 'ਤੇ ਸਵੱਛ ਭਾਰਤ ਅਭਿਆਨ ਮੁਹਿੰਮ ਦਾ ਸਮਰਥਨ ਕਰਨ ਵਾਲੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਕੰਪਲੈਕਸ ਦੀ ਸਾਫ਼-ਸਫ਼ਾਈ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸਦੇ ਸਿੱਟੇ ਵਜੋਂ ਸਾਰੇ ਕੰਪਲੈਕਸ ਵਿਚ ਸਾਫ਼-ਸਫ਼ਾਈ ਦਾ ਮੰਦਾ ਹਾਲ ਹੈ ਤੇ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਆਮ ਜਨਤਾ ਲਈ ਬਣਾਏ ਗਏ ਪਖਾਨਿਆਂ ਦੀ ਕੋਈ ਸਾਫ਼-ਸਫ਼ਾਈ ਨਾ ਹੋਣ ਕਰਨ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਉਨਾਂ੍ਹ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਬਣੀਆਂ ਗਈਆਂ ਯੋਜਨਾਵਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਦੇ ਦਫ਼ਤਰਾਂ ਅੰਦਰ ਹੀ ਬੇਨਿਯਮੀਆਂ ਦੀ ਭਰਮਾਰ ਹੋਣ ਕਾਰਨ ਆਮ ਜਨਤਾ ਦੁੱਖੀ ਹੈ ਤੇ ਅਜਿਹੇ ਰਵੱਈਏ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

-ਐੱਸਡੀਐੱਮ ਮੁਕੇਰੀਆਂ ਨੇ ਰੱਖਿਆ ਆਪਣਾ ਪੱਖ

ਇਸ ਸਬੰਧੀ ਐੱਸਡੀਐੱਮ ਮੁਕੇਰੀਆਂ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਵਿਖੇ ਮੀਟਿੰਗ ਲਈ ਆਏ ਹੋਏ ਹਨ ਜਦਕਿ ਦਫ਼ਤਰੀ ਕੰਮ ਸਬੰਧੀ ਕੁੱਝ ਕਰਮਚਾਰੀ ਫੀਲਡ ਵਿਚ ਹਨ। ਉਨਾਂ੍ਹ ਭਰੋਸਾ ਦਵਾਇਆ ਕਿ ਤਹਿਸੀਲ ਕੰਪਲੈਕਸ ਵਿਖੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਨੂੰ ਜਲਦੀ ਹੀ ਦਰੁਸਤ ਕਰ ਦਿੱਤਾ ਜਾਵੇਗਾ।