ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ

ਵੀਰਵਾਰ ਨੂੰ ਨਗਰ ਕੌਂਸਲ ਮੁਕੇਰੀਆਂ ਦੇ ਪ੍ਰਧਾਨ ਤੇ ਮੀਤ-ਪ੍ਰਧਾਨ ਦੀ ਚੋਣ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਕੀਤੀ ਗਈ। ਐੱਸਡੀਐੱਮ ਮੁਕੇਰੀਆਂ ਅਸ਼ੋਕ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਈ ਚੋਣ ਪ੍ਰਕਿਰਿਆ 'ਚ ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਅਤੇ ਹਲਕਾ ਮੁਕੇਰੀਆਂ ਵਿਧਾਇਕਾ ਇੰਦੂ ਬਾਲਾ ਉਚੇਚੇ ਤੌਰ 'ਤੇ ਹਾਜ਼ਰ ਹੋਏ।

ਚੋਣ ਪ੍ਰਕਿਰਿਆ ਦੌਰਾਨ ਐੱਮਸੀ ਰਾਧਿਕਾ ਅਗਰਵਾਲ ਚੈਰੀ ਨੇ ਐੱਮਸੀ ਵਿਨੋਦ ਕੁਮਾਰ ਫ਼ੌਜੀ ਦਾ ਨਾਮ ਪ੍ਰਧਾਨ ਦੇ ਅਹੁੱਦੇ ਲਈ ਤਜਵੀਜ਼ ਕੀਤਾ ਜਿਸ 'ਤੇ ਐੱਮਸੀ ਰਮਨ ਰਾਣੀ ਨੇ ਸਹਿਮਤੀ ਦੀ ਮੋਹਰ ਲਗਾਈ ਉਪਰੰਤ ਵਿਨੋਦ ਕੁਮਾਰ ਫ਼ੌਜੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸੇ ਤਰ੍ਹਾਂ ਐੱਮਸੀ ਰਣਜੋਧ ਸਿੰਘ ਕੁੱਕੂ ਨੇ ਐੱਮਸੀ ਸ਼ੇਰ ਸਿੰਘ ਸ਼ੇਰਾ ਦਾ ਨਾਮ ਮੀਤ ਪ੍ਰਧਾਨ ਦੇ ਅਹੁੱਦੇ ਲਈ ਤਜਵੀਜ਼ ਕੀਤਾ ਜਿਸ 'ਤੇ ਐੱਮਸੀ ਸਚਿਨ ਸਮਿਆਲ ਨੇ ਸਹਿਮਤੀ ਦੀ ਮੋਹਰ ਲਗਾਈ ਉਪਰੰਤ ਸਰਬਸੰਮਤੀ ਨਾਲ ਸ਼ੇਰ ਸਿੰਘ ਸ਼ੇਰਾ ਨੂੰ ਮੀਤ ਪ੍ਰਧਾਨ ਵਜੋਂ ਚੁਣ ਲਿਆ ਗਿਆ। ਇਸ ਮੌਕੇ ਬਲਵਿੰਦਰ ਸਿੰਘ ਬਿੰਦਾ, ਸੁਨੀਲ ਕੁਮਾਰ ਮਹੰਤ, ਕਾਰਜ ਸਾਧਕ ਅਫ਼ਸਰ ਕਰਮਿੰਦਰ ਪਾਲ ਸਿਘ, ਸਾਬਕਾ ਪ੍ਰਧਾਨ ਨਗਰ ਕੌਂਸਲ ਮੰਗਲੇਸ਼ ਕੁਮਾਰ ਜੱਜ, ਮਾਸਟਰ ਰਮੇਸ਼ ਸ਼ਰਮਾ, ਅਜੇ ਅਗਰਵਾਲ, ਐਮ.ਸੀ. ਰਣਜੋਧ ਸਿੰਘ ਕੁੱਕੂ, ਸਚਿਨ ਸਮਿਆਲ, ਮਾਸਟਰ ਸੇਵਾ ਸਿੰਘ, ਰਾਧਿਕਾ ਅਗਰਵਾਲ ਚੈਰੀ, ਜੋਤੀ ਸ਼ਰਮਾ, ਮਧੂਮਿਤਾ ਕਤਨਾ, ਰਮਨ ਰਾਣੀ, ਸਤਨਾਮ ਸਿੰਘ, ਪੂਨਮ ਰੱਤੂ, ਸ਼ਾਮ ਸਿੰਘ ਸ਼ਾਮਾ, ਯੂਥ ਪ੍ਰਧਾਨ ਬਲਵਿੰਦਰ ਬਿੰਦਰ, ਸਾਬਕਾ ਐੱਮਸੀ ਨਿਰਮਲ ਦਾਸ, ਕੁਲਦੀਪ ਸਿੰਘ, ਅਸ਼ਵਨੀ ਬਹਿਲ, ਸੱਭਿਆ ਸਾਂਚੀ ਆਦਿ ਨੇ ਨਵ-ਨਿਯੁਕਤ ਅਹੁੱਦੇਦਾਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਤੇ ਮੁਬਾਰਕਬਾਦ ਭੇਟ ਕੀਤੀ।

ਨਵ-ਨਿਯੁਕਤ ਪ੍ਰਧਾਨ ਵਿਨੋਦ ਕੁਮਾਰ ਫ਼ੌਜੀ ਅਤੇ ਮੀਤ-ਪ੍ਰਧਾਨ ਸ਼ੇਰ ਸਿੰਘ ਸ਼ੇਰਾ ਨੇ ਸਮੂਹ ਹਾਜ਼ਰੀਨਾਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਵਾਇਆ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਮੁਕੇਰੀਆਂ ਸ਼ਹਿਰ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਨਗੇ।

-

ਕਾਂਗਰਸ ਪਾਰਟੀ 11 ਸੀਟਾਂ 'ਤੇ ਹੈ ਕਾਬਜ਼

ਨਗਰ ਕੌਂਸਲ ਮੁਕੇਰੀਆਂ ਦੇ 15 ਵਾਰਡਾਂ ਲਈ 14 ਫਰਵਰੀ ਨੂੰ ਹੋਈਆਂ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਮੁਕੰਮਲ ਹੋਈ ਸੀ, ਜਿਸ 'ਚ 11 ਸੀਟਾਂ 'ਤੇ ਜੇਤੂ ਰਹਿ ਕੇ ਕਾਂਗਰਸ ਨੇ ਕਬਜ਼ਾ ਕੀਤਾ ਸੀ ਤੇ 3 ਸੀਟਾਂ 'ਤੇ ਭਾਜਪਾ ਤੇ 1 ਸੀਟ 'ਤੇ ਅਕਾਲੀ ਦਲ ਜੇਤੂ ਰਿਹਾ ਸੀ। ਇਸ ਤੋਂ ਪਹਿਲਾਂ 10 ਸਾਲ ਤਕ ਨਗਰ ਕੌਂਸਲ ਮੁਕੇਰੀਆਂ 'ਤੇ ਭਾਰਤੀ ਜਨਤਾ ਪਾਰਟੀ ਦਾ ਕਬਜ਼ਾ ਰਿਹਾ ਹੈ।

-

ਪ੍ਰਧਾਨ ਦੇ ਅਹੁਦੇ ਲਈ ਅਣਸੂਚਿਤ ਜਾਤੀ ਸੀਟ ਸੀ ਰਾਖਵੀਂ

ਇਸ ਵਾਰ ਨਗਰ ਕੌਂਸਲ ਮੁਕੇਰੀਆਂ ਦੀ ਪ੍ਰਧਾਨਗੀ ਦੇ ਅਹੁਦੇ ਲਈ ਅਣਸੂਚਿਤ ਜਾਤੀ ਸੀਟ ਰਾਖਵੀਂ ਕੀਤੀ ਗਈ ਸੀ। ਕਾਂਗਰਸ ਪਾਰਟੀ ਦੇ ਦੋ ਐੱਮਸੀ ਅਣਸੂਚਿਤ ਜਾਤੀ ਸੀਟ ਤੋਂ ਚੋਣ ਜਿੱਤ ਕੇ ਆਏ ਸਨ, ਜਿਨ੍ਹਾਂ 'ਚੋਂ ਵਾਰਡ ਨੰਬਰ 15 ਤੋਂ ਐੱਮਸੀ ਜੇਤੂ ਰਹੇ ਸਾਬਕਾ ਫ਼ੌਜੀ ਵਿਨੋਦ ਕੁਮਾਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਦੇ ਅਹੁੱਦੇ ਲਈ ਚੁਣ ਲਿਆ ਗਿਆ ਜਦਕਿ ਵਾਰਡ ਨੰ. 12 (ਜਰਨਲ ਸੀਟ) ਤੋਂ ਜੇਤੂ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਸ਼ੇਰਾ ਨੂੰ ਮੀਤ-ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ।