ਸਰਮਾਲ/ਸੁੱਖੀ, ਹੁਸ਼ਿਆਰਪੁਰ : ਹੁਸ਼ਿਆਰਪੁਰ-ਦਸੂਹਾ ਰੋਡ 'ਤੇ ਪੈਂਦੇ ਅੱਡਾ ਦੌਸੜਕਾ ਨੇੜੇ ਪੈਂਦੇ ਪਿੰਡ ਪੰਡੋਰੀ ਸਮਲਾ ਕੋਲ ਵਾਪਰੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮਿ੍ਤਕਾਂ ਦੀ ਪਛਾਣ ਮਿਲਣ ਕੁਮਾਰ (27) ਵਾਸੀ ਪਿੰਡ ਜਨੋੜੀ ਤੇ ਸੰਜੀਵ ਕੁਮਾਰ (27) ਵਾਸੀ ਪਿੰਡ ਬੱਸੀ ਬਜੀਦ ਵਜੋਂ ਹੋਈ ਹੈ।

ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮਿਲਣ ਤੇ ਸੰਜੀਵ ਦੋਵੇਂ ਹੋਲਸੇਲ ਸਟੇਸ਼ਨਰੀ ਦਾ ਕੰਮ ਕਰਦੇ ਸਨ। ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਤੋਂ ਕੰਮ ਕਰ ਕੇ ਵਾਪਸ ਆਪਣੀ ਬਲੇਰੋ ਗੱਡੀ 'ਚ ਪਿੰਡ ਆ ਰਹੇ ਸਨ। ਗੱਡੀ ਮਿਲਣ ਕੁਮਾਰ ਚਲਾ ਰਿਹਾ ਸੀ।

ਰਾਤ 10 ਵਜੇ ਦੇ ਕਰੀਬ ਜਦੋਂ ਉਹ ਹੁਸ਼ਿਆਰਪੁਰ-ਦਸੂਹਾ ਰੋਡ 'ਤੇ ਪੈਂਦੇ ਪਿੰਡ ਪੰਡੋਰੀ ਸਮਲਾ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਵਾਹਨਾਂ ਦੀਆਂ ਲਾਈਟਾਂ ਅੱਖਾਂ 'ਚ ਪੈਣ ਕਾਰਨ ਗੱਡੀ ਬੇਕਾਬੂ ਹੋ ਗਈ ਤੇ ਸੜਕ ਕੰਢੇ ਦਰੱਖ਼ਤ ਨਾਲ ਜਾ ਟਕਰਾਈ। ਹਾਦਸੇ 'ਚ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹਾਦਸੇ ਦੀ ਸੂਚਨਾ ਮਿਲਦੇ ਹੀ ਭੂੰਗਾ ਚੌਂਕੀ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਰਖਵਾ ਦਿੱਤੀਆਂ। ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੀ ਕਾਰਵਾਈ ਕਰਨ ਤੋਂ ਬਾਅਦ ਦੇਹਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ।

ਦੋਵੇ ਬਚਪਨ ਦੇ ਦੋਸਤ ਸਨ

ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਆਏ ਮਿਲਣ ਕੁਮਾਰ ਦੇ ਪਿਤਾ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮਿਲਣ ਤੇ ਸੰਜੀਵ ਕੁਮਾਰ ਦੋਵੇ ਬਚਪਨ ਦੇ ਦੋਸਤ ਸਨ। ਦੋਵਾਂ ਨੇ ਪੜ੍ਹਾਈ ਇਕੱਠਿਆ ਕਰਨ ਤੋਂ ਬਾਅਦ ਕਾਰੋਬਾਰ ਵੀ ਇਕੱਠਿਆਂ ਨੇ ਹੀ ਸ਼ੁਰੂ ਕੀਤਾ ਸੀ। ਉਹ ਆਪਣਾ ਸਾਮਾਨ ਸਪਲਾਈ ਕਰਨ ਲਈ ਇਕੱਠੇ ਹੀ ਵੱਖ-ਵੱਖ ਸੂਬਿਆਂ 'ਚ ਜਾਂਦੇ ਸਨ। ਸੰਜੀਵ ਕੁਮਾਰ ਦਾ ਪੰਜ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਮਿਲਣ ਕੁਮਾਰ ਅਜੇ ਕੁਆਰਾ ਸੀ।