ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਥਾਣਾ ਸਦਰ ਅਧੀਨ ਪੈਂਦੇ ਪਿੰਡ ਮੰਗੂਵਾਲ ਦੇ ਦੋ ਸਕੇ ਭਰਾਵਾਂ ਵੱਲੋਂ ਪਿੰਡ ਦੇ ਹੀ ਇਕ ਵਿਅਕਤੀ ਤੇ ਪੰਚਾਇਤ ਤੋਂ ਦੁਖੀ ਹੋ ਕਿ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਕ ਗੰਭੀਰ ਹੋਣ ਕਾਰਨ ਹੁਸ਼ਿਆਰਪੁਰ ਦੇ ਡਾਕਟਰਾਂ ਨੇ ਦੋਵਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਉਕਤ ਭਰਾਵਾਂ ਦੀ ਪਛਾਣ ਜਸਵਿੰਦਰ ਸਿੰਘ (28) ਤੇ ਜਸਵੀਰ ਸਿੰਘ (26) ਪੁੱਤਰ ਕੇਵਲ ਸਿੰਘ ਵਾਸੀ ਮੰਗੂਵਾਲ ਵਜੋਂ ਹੋਈ ਹੈ।

ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਜ਼ੇਰੇ ਇਲਾਜ ਜਸਵਿੰਦਰ ਸਿੰਘ ਤੇ ਜਸਵੀਰ ਸਿੰਘ ਨੇ ਦੱਸਿਆ ਕਿ ਬੀਤੀ 10 ਜਨਵਰੀ ਨੂੰ ਉਨ੍ਹਾਂ ਦੇ ਪਿੰਡ ਚੋਰੀ ਹੋ ਗਈ ਸੀ। ਜਿਸ ਦੇ ਘਰ ਚੋਰੀ ਹੋਈ, ਉਕਤ ਲੋਕ ਉਨ੍ਹਾਂ ’ਤੇ ਸ਼ੱਕ ਕਰਨ ਲੱਗੇ ਤੇ ਇਸ ਸਬੰਧੀ ਪਿੰਡ ਦੀ ਪੰਚਾਇਤ ਨੂੰ ਸ਼ਿਕਾਇਤ ਦੇ ਦਿੱਤੀ। ਉਕਤ ਲੋਕਾਂ ਦੇ ਕਹਿਣ ’ਤੇ ਪਿੰਡ ਦੀ ਪੰਚਾਇਤ ਤੇ ਪੁਲਿਸ ਨੇ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਕਤ ਵਿਅਕਤੀ ਚੋਰੀ ਦੀ ਵਾਰਦਾਤ ਪਾਉਣ ਲਈ ਦਬਾਅ ਪਾਉਣ ਲੱਗ ਪਏ। ਪਿੰਡ ਦੀ ਪੰਚਾਇਤ ਵੱਲੋਂ ਉਨ੍ਹਾਂ ਨੂੰ ਕਈ ਵਾਰ ਬੁਲਾ ਕੇ ਜਲੀਲ ਕੀਤਾ ਗਿਆ।

ਇਸ ਤੋਂ ਦੁਖੀ ਹੋ ਕੇ ਦੋਵਾਂ ਨੇ ਐਤਵਾਰ ਸ਼ਾਮ ਉਨ੍ਹਾਂ ਜ਼ਹਿਰੀਲੀ ਚੀਜ਼ ਨਿਗਲ ਲਈ। ਪਤਾ ਲੱਗਣ ’ਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਸਿਵਲ ਹਸਪਤਾਲ ਲੈ ਗਏ, ਜਿਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਦੋਵੇ ਭਰਾ ਵਿਆਹੇ ਹੋਏ ਹਨ।

ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖ਼ਿਲਾਫ਼ ਕੀਤੀ ਜਾਵੇਗੀ ਕਾਰਵਾਈ : ਐੱਸਐੱਚਓ

ਇਸ ਸਬੰਧੀ ਜਦੋਂ ਥਾਣਾ ਸਦਰ ਦੇ ਐੱਸਐੱਚਓ ਤਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ, ਜੇਕਰ ਉਨ੍ਹਾਂ ਕੋਲ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ, ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸਰਪੰਚ ਦੇ ਪਤੀ ਨੇ ਨਕਾਰੇ ਦੋਸ਼

ਇਸ ਸਬੰਧੀ ਪਿੰਡ ਦੀ ਸਰਪੰਚ ਕੁਸ਼ਲਾ ਦੇਵੀ ਦੇ ਪਤੀ ਉਗਦੀਤ ਸਿੰਘ ਨੇ ਦੱਸਿਆ ਕਿ ਦੋਵਾਂ ਭਰਾਵਾਂ ਵੱਲੋਂ ਜੋ ਵੀ ਦੋਸ਼ ਲਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ। ਉਨ੍ਹਾਂ ਨੂੰ ਚੋਰੀ ਸਬੰਧੀ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ’ਚ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਸੀ। ਐਤਵਾਰ ਨੂੰ ਰਾਜ਼ੀਨਾਮੇ ਦਾ ਸਮਾਂ ਲਿਆ ਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਦੋਵਾਂ ਭਰਾਵਾਂ ਨੇ ਉਕਤ ਕਦਮ ਚੁੱਕ ਲਿਆ।

Posted By: Jagjit Singh