ਬੀਤੇ ਐਤਵਾਰ ਦੀ ਰਾਤ ਬੈਂਸ ਅਵਾਨ ਨਾਕੇ ਤੋਂ ਪੁਲਿਸ 'ਤੇ ਗੋਲੀ ਚਲਾ ਕੇ ਭੱਜੇ ਦਰਜਨਾਂ ਲੁੱਟ-ਖੋਹ ਅਤੇ ਕਤਲ ਦੀਆਂ ਵਾਰਦਾਤਾਂ 'ਚ ਲੋੜੀਂਦੇ ਦੋ ਮੁਲਜ਼ਮਾਂ ਰਾਕੇਸ਼ ਕੁਮਾਰ ਉਰਫ ਗੌਰਵ ਪੁੱਤਰ ਸਤਪਾਲ ਵਾਸੀ ਕਪੂਰਥਲਾ ਤੇ ਤਰਨਜੀਤ ਸਿੰਘ ਤਰਨਾ ਪੁੱਤਰ ਪੁੱਤਰ ਜੋਗਿੰਦਰ ਵਾਸੀ ਤਲਵਾੜਾ ਨੂੰ ਫੜਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਥਾਣਾ ਟਾਂਡਾ 'ਚ ਪ੍ਰੈੱਸ ਕਾਨਫਰੰਸ ਦੌਰਾਨ ਐਸਪੀਡੀ ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਐਤਵਾਰ ਦੀ ਰਾਤ ਮੁਖਬਰ ਦੀ ਇਤਲਾਹ 'ਤੇ ਐਸਐਚੳ ਟਾਂਡਾ ਬਿਕਰਮ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ ਟਾਂਡਾ ਹਰਗੋਬਿੰਦਪੁਰ ਸੜਕ 'ਤੇ ਪਿੰਡ ਬੈਂਸ ਅਵਾਨ ਕੋਲ ਨਾਕਾਬੰਦੀ ਕੀਤੀ ਸੀ। ਇਸੇ ਦੌਰਾਨ ਦੋ ਪਲਸਰ ਸਵਾਰ ਨੌਜਵਾਨਾਂ ਨੂੰ ਰੁਕਣ ਲਈ ਕਿਹਾ ਤਾਂ ਉਨ੍ਹਾਂ ਪਿੰਡ ਮੰਨਣ ਵੱਲ ਨੂੰ ਮੋਟਰਸਾਈਕਲ ਭਜਾ ਲਿਆ। ਪੁਲਿਸ ਪਾਰਟੀ ਨੇ ਦੋਨੋਂ ਸ਼ੱਕੀਆਂ ਦਾ ਆਪਣੀ ਗੱਡੀ 'ਤੇ ਪਿੱਛਾ ਕੀਤਾ ਤਾਂ ਉਨ੍ਹਾਂ ਪੁਲਿਸ 'ਤੇ ਗੋਲੀ ਚਲਾ ਦਿੱਤੀ ਤਾਂ ਜਵਾਬ ਵਿਚ ਪੁਲਿਸ ਨੇ ਵੀ ਗੋਲੀ ਚਲਾਈ ਪਰ ਉਕਤ ਮੁਲਜ਼ਮ ਹਨੇਰੇ ਦਾ ਫਇਦਾ ਉਠਾਉਂਦੇ ਹੋਏ ਗੰਨੇ ਦੇ ਖੇਤਾਂ 'ਚ ਲੁਕ ਗਏ। ਇਨ੍ਹਾਂ ਨੂੰ ਬਾਅਦ ਵਿਚ ਮੰਨਣ ਪਿੰਡ ਦੇ ਜ਼ਿਮੀਂਦਾਰ ਦੇ ਘਰੋਂ ਤੂੜੀ ਦੇ ਕੁੱਪ 'ਚ ਲੁਕੇ ਹੋਣ 'ਤੇ ਪਿੰਡ ਵਾਸੀਆਂ ਦੀ ਮੱਦਦ ਨਾਲ ਗ੍ਰਿਫਤਾਰ ਕਰ ਲਿਆ। ਇਨ੍ਹਾਂ ਕੋਲੋਂ ਇੱਕ ਪਿਸਤੌਲ, 5 ਕਾਰਤੂਸ, ਇਕ ਦਾਤਰ, 2 ਮੋਟਰਸਾਈਕਲ, 2 ਐੱਲਈਡੀ, 4 ਜੋੜੇ ਸੋਨੇ ਦੀਆਂ ਵਾਲੀਆਂ , 4 ਸੋਨੇ ਦੀਆਂ ਮੁੰਦਰੀਆਂ, 2 ਸੋਨੇ ਦੀਆਂ ਚੈਨੀਆਂ ਤੇ 40 ਹਜ਼ਾਰ ਦੀ ਨਕਦੀ ਬਰਾਮਦ ਹੋਈ। ਐੱਸਪੀਡੀ ਮੰਡੇਰ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਦਾ ਰਿਮਾਂਡ ਲਿਆ ਹੈ ਤੇ ਪੁਛਗਿੱਛ ਦੌਰਾਨ ਲੁੱਟ-ਖੋਹ ਦੀਆਂ ਹੋਰ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ ।

Posted By: Seema Anand