ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਸ਼ੰਘਰਸ਼ ਸਿਖਰ ’ਤੇ ਹੈ। ਅਜਿਹੇ ’ਚ ਕਈ ਤਰ੍ਹਾਂ ਦੀਆਂ ਖ਼ਬਰਾਂ ਦੇਖਣ-ਸੁਣਨ ਨੂੰ ਮਿਲ ਰਹੀਆਂ ਹਨ। ਇਸੇ ਦੌਰਾਨ ਮੁਕੇਰੀਆਂ ਦੇ ਪਿੰਡ ਮੌਜੋਵਾਲ ਦੇ ਕਿਸਾਨ ਵੱਲੋਂ ਕਿਸਾਨ ਅੰਦੋਲਨ ਦੇ ਸਮਰਥਨ ਤੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਆਪਣੀ ਇਕ ਏਕੜ ਕਣਕ ਦੀ ਫ਼ਸਲ ਟ੍ਰੈਕਟਰ ਨਾਲ ਵਾਹ ਦਿੱਤੀ ਗਈ। ਗੱਲਬਾਤ ਕਰਦੇ ਹੋਏ ਅਵਤਾਰ ਸਿੰਘ ਬੌਬੀ ਨੇ ਕਿਹਾ ਕਿ ਇਹ ਤਾਂ ਸਿਰਫ਼ ਕੇਂਦਰ ਸਰਕਾਰ ਨੂੰ ਟ੍ਰੇਲਰ ਹੀ ਵਿਖਾਇਆ ਗਿਆ ਹੈ ਤੇ ਜੇ ਲੋੜ ਪਈ ਤਾਂ ਕਿਸਾਨਾਂ ਵੱਲੋਂ ਸਮੂਹਿਕ ਤੌਰ ’ਤੇ ਕਣਕ ਦੀ ਪੂਰੀ ਫ਼ਸਲ ਹੀ ਵਾਹ ਦਿੱਤੀ ਜਾਵੇਗੀ।

ਉਨ੍ਹਾਂ ਦੁਖੀ ਮਨ ਨਾਲ ਕਿਹਾ ਕਿ ‘ਸਾਡਾ ਜੀ ਨਹੀਂ ਕਰਦਾ ਇਸ ਤਰ੍ਹਾਂ ਕਰਨ ਨੂੰ ਕਿਉਂਕਿ ਪੁੱਤਾਂ ਵਾਂਗ ਪਾਲੀ ਹੋਈ ਫ਼ਸਲ ਨੂੰ ਵਾਹੁਣਾ ਬਹੁਤ ਔਖਾ ਹੈ ਪਰ ਸੰਘਰਸ਼ ਲਈ ਤੇ ਅੰਨ੍ਹੀ-ਬੋਲੀ ਹੋ ਚੁੱਕੀ ਕੇਂਦਰ ਸਰਕਾਰ ਨੂੰ ਇਹ ਸੁਨੇਹਾ ਦੇਣਾ ਜ਼ਰੂਰੀ ਸੀ।’ ਉਨ੍ਹਾਂ ਰੋਸ ਪ੍ਰਗਟਾਇਆ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਹਰ ਪਾਸੇ ਤੋਂ ਮਾਰਨ ’ਤੇ ਤੁਲੀ ਹੋਈ ਹੈ ਤੇ ਮਹਿੰਗਾਈ ਦਿਨੋਂ-ਦਿਨ ਵੱਧਦੀ ਹੀ ਜਾ ਰਹੀ ਹੈ ਪਰ ਸਰਕਾਰ ਕਿਸੇ ਪਾਸੇ ਵੀ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਹਰ ਵਰਗ ਦੇ ਲੋਕ ਪਰੇਸ਼ਾਨ ਹਨ। ਇਸ ਦੌਰਾਨ ਇਕੱਤਰ ਹੋਏ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਸਰਕਾਰ ਨੂੰ ਨਵੇਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਤੁਰੰਤ ਵਾਪਸ ਲੈ ਲੈਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਕਿਸਾਨ ਸੰਘਰਸ਼ ਨੂੰ ਕਿਸੇ ਵੀ ਪੱਧਰ ਤਕ ਲੈ ਕੇ ਜਾਇਆ ਜਾ ਸਕਦਾ ਹੈ।

Posted By: Jagjit Singh