ਦਲਵਿੰਦਰ ਸਿੰਘ ਮਨੋਚਾ, ਗੜ੍ਹਸ਼ੰਕਰ : ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ 'ਤੇ ਪੈਂਦੇ ਪਿੰਡ ਸਤਨੌਰ ਵਿਖੇ ਪਿਛਲੇ ਦੱਸ ਦਿਨ ਤੋਂ ਲਗਾਤਾਰ ਚੋਰੀਆਂ ਦਾ ਸਿਲਸਿਲਾ ਜਾਰੀ ਹੈ, ਜਿਸ ਕਾਰਨ ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ। ਚੋਰਾਂ ਵੱਲੋਂ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਏ ਪਰਿਵਾਰ ਦੇ ਘਰ 'ਚ ਦਾਖਲ ਹੋ ਕੇ ਲੱਖਾਂ ਦਾ ਸਾਮਾਨ ਤੇ ਨਕਦੀ ਚੋਰੀ ਕਰਨ ਦੀ ਖ਼ਬਰ ਹੈ। ਮੋਹਨ ਲਾਲ ਪੁੱਤਰ ਰਾਜਾ ਰਾਮ ਵਾਸੀ ਸਤਨੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬਾਬਾ ਬਾਲਕ ਨਾਥ ਜੀ ਵਿਖੇ ਮੱਥਾ ਟੇਕਣ ਗਏ ਹੋਏ ਸਨ ਅਤੇ ਜਦ ਐਤਵਾਰ ਸ਼ਾਮ ਨੂੰ ਘਰ ਆ ਕੇ ਦੇਖਿਆ ਤਾਂ ਸਾਰੇ ਜਿੰਦਰੇ ਟੁੱਟੇ ਪਏ ਸਨ ਤੇ ਘਰ ਦਾ ਸਾਰਾ ਸਾਮਾਨ ਇੱਧਰ-ਉੱਧਰ ਖਿਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਵਲੋਂ ਇਕ ਸੋਨੇ ਦੀ ਮੁੰਦਰੀ, ਇਕ 5 ਤੋਲੇ ਦੀ ਸੋਨੇ ਦੀ ਚੇਨੀ ਬਾਥਰੂਮ ਅਤੇ ਕਿਚਨ ਦੀਆਂ ਟੂਟੀਆਂ, ਪੰਜ ਹਜ਼ਾਰ ਦੀ ਨਕਦੀ ਤੇ ਹੋਰ ਜ਼ਰੂਰੀ ਕਾਗਜ਼ਾਤ ਚੋਰੀ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਉਨ੍ਹਾਂ ਦਾ ਲਗਭਗ 3 ਲੱਖ ਦੇ ਕਰੀਬ ਨੁਕਸਾਨ ਹੋ ਗਿਆ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।