ਦਲਵਿੰਦਰ ਸਿੰਘ ਮਨੋਚਾ, ਗੜ੍ਹਸ਼ੰਕਰ

ਸਥਾਨਕ ਰੇਲਵੇ ਰੋਡ 'ਤੇ ਸਥਿਤ ਮੁੱਖ ਡਾਕਘਰ ਦੇ ਸਾਹਮਣੇ ਚੋਰਾਂ ਵੱਲੋਂ ਸੰਨ੍ਹ ਲਗਾ ਕੇ ਦੋ ਦੁਕਾਨਾਂ 'ਚੋਂ ਹਜ਼ਾਰਾਂ ਰੁਪਏ ਦੀ ਨਕਦੀ ਤੇ ਸਾਮਾਨ ਚੋਰੀ ਕਰਨ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਾਂ ਦੇ ਮਾਲਕ ਜਤਿੰਦਰ ਕੁਮਾਰ ਜੰਡਾ ਪੁੱਤਰ ਸਤਨਾਮ ਲਾਲ ਵਾਸੀ ਗੜ੍ਹਸ਼ੰਕਰ ਨੇ ਦੱਸਿਆ ਕਿ ਉਨਾਂ੍ਹ ਦੀ ਇਕ ਦੁਕਾਨ ਜੁੱਤੀਆਂ ਤੇ ਇਕ ਕਰਿਆਨੇ ਦੀ ਹੈ। ਸ਼ਨਿੱਚਰਵਾਰ ਸ਼ਾਮ 6 ਵਜੇ ਉਹ ਦੁਕਾਨ ਬੰਦ ਕਰਕੇ ਗਏ ਸਨ। ਐਤਵਾਰ ਸ਼ਾਮ 7 ਵਜੇ ਜਦ ਉਹ ਦੁਕਾਨ ਵੱਲ ਗੇੜਾ ਮਾਰਨ ਆਏ ਤਾਂ ਦੁਕਾਨ ਦੀ ਪੌੜੀ ਦਾ ਗੇਟ ਅੰਦਰੋਂ ਬੰਦ ਸੀ। ਜਦ ਉਨਾਂ੍ਹ ਕੋਠੇ ਚੜ੍ਹ ਕੇ ਦੇਖਿਆ ਤਾਂ ਚੋਰਾਂ ਨੇ ਦੁਕਾਨ ਦੇ ਪਿਛਲੇ ਪਾਸਿਓਂ ਕੰਧ ਪਾੜੀ ਹੋਈ ਸੀ। ਉਨਾਂ੍ਹ ਦੱਸਿਆ ਚੋਰ ਬੂਟ ਹਾਊਸ ਤੋਂ ਕੀਮਤੀ ਬੂਟਾਂ ਦੇ ਜੋੜੇ ਤੇ ਕਰਿਆਨੇ ਦੀ ਦੁਕਾਨ ਤੋਂ ਸਰਫ, ਰਿਫਾਇੰਡ ਅਤੇ ਹੋਰ ਕੀਮਤੀ ਸਾਮਾਨ ਤੇ ਵੀਹ ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਉਨਾਂ੍ਹ ਦੱਸਿਆ ਕਿ ਉਹਨਾਂ ਦੁਕਾਨਾਂ ਦੇ ਪਿਛਲੇ ਪਾਸੇ ਪੰਜ ਫੁੱਟ ਤਕ ਲੋਹੇ ਦੀ ਚਾਦਰ ਲਗਾਈ ਹੋਈ ਹੈ, ਪਰ ਚੋਰਾਂ ਨੇ ਕੰਧ ਉਸ ਤੋਂ ਉੱਪਰੋਂ ਪਾੜੀ। ਚੋਰ ਆਪਣੇ ਨਾਲ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਲੈ ਗਏ। ਇਸ ਤਰਾਂ੍ਹ ਕਰੀਬ 50 ਹਜ਼ਾਰ ਤੋਂ ਜ਼ਿਆਦਾ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਏਐੱਸਆਈ ਮਨਜੀਤ ਲਾਲ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਸੂਚਨਾ ਮਿਲਣ 'ਤੇ ਘਟਨਾ ਵਾਲੀ ਥਾਂ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।